ਆਦਮਪੁਰ ’ਚ ਟੀਨੂ ਦਾ ਹੱਥ ਮਜ਼ਬੂਤ ਕਰ ਗਏ ਮੁੱਖ ਮੰਤਰੀ
ਜਾਸ, ਜਲੰਧਰ : ਜਲੰਧਰ
Publish Date: Tue, 10 Mar 2026 09:50 PM (IST)
Updated Date: Tue, 10 Mar 2026 09:54 PM (IST)
ਜਾਸ, ਜਲੰਧਰ : ਜਲੰਧਰ ’ਚ ਲੋਕ ਮਿਲਣੀ ਮਗਰੋਂ ਆਦਮਪੁਰ ਪ੍ਰੋਗਰਾਮ ’ਚ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਅੰਦਾਜ਼ ’ਚ ਨਾ ਸਿਰਫ ਵਿਰੋਧੀ ਪਾਰਟੀਆਂ 'ਤੇ ਤਿੱਖੇ ਵਿਅੰਗ ਕੱਸੇ, ਸਗੋਂ ਹਲਕੇ ਦੇ ਇੰਚਾਰਜ ਪਵਨ ਟੀਨੂੰ ਦਾ ਹੱਥ ਵੀ ਮਜ਼ਬੂਤ ਕੀਤਾ। ਉਨ੍ਹਾਂ ਨੇ ਕਿਹਾ ਆਦਮਪੁਰ ਦੇ ਵਾਸੀ ਜਿਹੜੀ ਮਰਜ਼ੀ ਸਿਆਸੀ ਪਾਰਟੀ ਕੋਲੋਂ ਤੋਹਫ਼ੇ ਤੇ ਪੈਸੇ ਲੈ ਲੈਣ ਪਰ ਉਹ ਆਪਣੀ ਵੋਟ ਸਿਰਫ ਝਾੜੂ ਤੇ ਪਵਨ ਟੀਨੂ ਦੀ ਫੋਟੋ ਵਾਲੇ ਬਟਨ ’ਤੇ ਦੱਬ ਕੇ ਹੀ ਪਾਉਣ। ਮੁੱਖ ਮੰਤਰੀ ਨੇ ਆਪਣੇ ਭਾਸ਼ਣ ’ਚ ਕਈ ਵਾਰੀ ਪਵਨ ਟੀਨੂੰ ਦਾ ਨਾਂ ਲਿਆ।
ਆਦਮਪੁਰ ’ਚ ਗ੍ਰਾਂਟ ਵੰਡਣ ਪੁੱਜੇ ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ਪਹਿਲਾਂ ਹੀ ਝਾੜੂ ਤੋਂ ਜਾਣੂ ਹਨ ਤੇ ਉਹ ਇਸ ਦੀ ਵਰਤੋਂ ਕਰਨੀ ਵੀ ਜਾਣਦੀਆਂ ਹਨ। ਜਦੋਂ ਉਨ੍ਹਾਂ ਨੇ ਔਰਤਾਂ ਨੂੰ ਮਹੀਨਾਵਾਰ ਭੱਤਾ ਦੇਣ ਦਾ ਐਲਾਨ ਕੀਤਾ ਤਾਂ ਵਿਰੋਧੀ ਪਾਰਟੀਆਂ ’ਚ ਘਬਰਾਹਟ ਵਧ ਗਈ। ਪੰਡਾਲ ’ਚ ਹਾਜ਼ਰ ਲੋਕਾਂ ਨੂੰ ਨਾਅਰੇ ਲਾਉਣ ਲਈ ਕਿਹਾ ਗਿਆ ਤਾਂ ਉਨ੍ਹਾਂ ਦਾ ਜਵਾਬ ਨੂੰ ਸੁਣ ਕੇ ਮੁੱਖ ਮੰਤਰੀ ਨੇ ਕਿਹਾ ਕਿ ਜੋਸ਼ ਦੇਖ ਕੇ ਲੱਗਦਾ ਨਹੀਂ ਕਿ ਆਦਮਪੁਰ ’ਚ ਵੋਟਾਂ ਪੈਣਗੀਆਂ ਇੱਥੇ ਤਾਂ ਸਰਬਸੰਮਤੀ ਨਾਲ ਤੁਸੀਂ (ਟੀਨੂ ਦੀ ਵੱਲ ਦੇਖਦਿਆਂ) ਚੋਣ ਜਿੱਤ ਜਾਓਗੇ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਹਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਜੋ ਪੂਰਾ ਨਹੀਂ ਹੋਇਆ। ਅਕਾਲੀ ਦਲ ਨੇ ਕਿਹਾ ਸੀ ਕਿ ਕੇਂਦਰ ਤੋਂ ਟਰੱਕਾਂ ਦੇ ਟਰੱਕ ਪੈਸਿਆਂ ਨਾਲ ਭਰ ਕੇ ਲਿਆਉਣਗੇ ਜੋ ਕਿ ਕਿਤੇ ਵੀ ਨਜ਼ਰ ਨਹੀਂ ਆਏ। ਇਨ੍ਹਾਂ ਪਾਰਟੀਆਂ ਨੇ ਜਨਤਾ ਨੂੰ ਕੁਝ ਨਹੀਂ ਦਿੱਤਾ ਸਗੋਂ ਲਿਆ ਹੀ ਹੈ। ‘ਆਪ’ ਸਰਕਾਰ ਔਰਤਾਂ ਨੂੰ ਭੱਤਾ ਦੇ ਰਹੀ ਹੈ। ਵਿਰੋਧੀ ਪਾਰਟੀਆਂ ਇਕ ਵਾਰੀ ਫਿਰ ਚੋਣਾਂ ਤੋਂ ਪਹਿਲਾਂ ਜਨਤਾ ਕੋਲ ਪੈਸੇ ਦੇਣ ਆਉਣਗੀਆਂ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਨਤਾ ਉਨ੍ਹਾਂ ਨੂੰ ਜਵਾਬ ਨਾ ਦੇ, ਪੈਸੇ ਲੈਣ ਤੇ ਵੋਟਾਂ ਵਾਲੇ ਦਿਨ ਝਾੜੂ ਤੇ ਪਵਨ ਟੀਨੂ ਦੀ ਫੋਟੋ ਵਾਲਾ ਬਟਨ ਨੂੰ ਹੀ ਦਬਾਉਣ। ਭਾਸ਼ਣ ਦੌਰਾਨ ਪਵਨ ਟੀਨੂੰ ਨੇ ਕਿਹਾ ਕਿ ਆਦਮਪੁਰ ਦੇ ਲੋਕ ਪੜ੍ਹੇ-ਲਿਖੇ ਤੇ ਸਮਝਦਾਰ ਹਨ। ਪੂਰੇ ਪ੍ਰੋਗਰਾਮ ਦੌਰਾਨ ਲੋਕਾਂ ਨਾਲ ਗੱਲਾਂ ਕਰਦਿਆਂ ਮੁੱਖ ਮੰਤਰੀ ਜਿਸ ਤਰ੍ਹਾਂ ਪਵਨ ਟੀਨੂੰ ਦਾ ਜ਼ਿਕਰ ਕਰਦੇ ਰਹੇ, ਉਸ ਨਾਲ ਆਦਮਪੁਰ ਸੀਟ ’ਤੇ ਉਨ੍ਹਾਂ ਦੀ ਇਕ ਵਾਰੀ ਮੁੜ ਪਕੜ ਮਜ਼ਬੂਤ ਹੋਈ ਹੈ।