ਕੰਗ ਸਾਹਿਬ ਰਾਏ ’ਚ ਚੌਕੀਆਂ ਤੇ ਛਿੰਝ ਮੇਲਾ ਸੰਪੰਨ
ਕੰਗ ਸਾਹਿਬ ਰਾਏ ਵਿਖੇ ਚੌਕੀਆਂ ਤੇ ਛਿੰਝ ਮੇਲਾ ਸਫਲਤਾ ਪੂਰਵਕ ਹੋਇਆ ਸੰਪੰਨ
Publish Date: Mon, 02 Mar 2026 06:39 PM (IST)
Updated Date: Mon, 02 Mar 2026 06:40 PM (IST)

-ਪੂਰੀ ਜੱਦੋ-ਜਹਿਦ ਉਪਰੰਤ ਪਟਕੇ ਦੀ ਕੁਸ਼ਤੀ ਰਹੀ ਬਰਾਬਰ ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਬਲਾਕ ਨਕੋਦਰ ਦੇ ਪਿੰਡ ਕੰਗ ਸਾਹਿਬ ਰਾਏ ਵਿਖੇ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਚੌਕੀਆਂ ਦਾ ਤੇ ਛਿੰਝ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਵਾਸੀਆਂ, ਨਗਰ ਪੰਚਾਇਤ ਤੇ ਐੱਨਆਰਆਈ ਵੀਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਾਬਾ ਸਾਹਬੂ ਜੀ ਦੇ ਅਸਥਾਨ ’ਤੇ ਸ਼ਰਧਾ ਪੂਰਵਕ ਕਰਵਾਇਆ ਗਿਆ। ਮੇਲੇ ਦਾ ਆਗਾਜ਼ ਦਰਬਾਰ ’ਤੇ ਝੰਡਾ ਚੜ੍ਹਾਉਣ ਦੀ ਰਸਮ ਨਾਲ ਅਦਾ ਕੀਤਾ ਗਿਆ। ਮੇਲੇ ’ਚ ਦੂਰ ਦੁਰਾਡੇ ਤੋਂ ਪੁੱਜੀਆਂ ਹੋਈਆਂ ਸੰਗਤਾਂ ਨਤਮਸਤਕ ਹੋਈਆਂ ਤੇ ਮੇਲੇ ਦਾ ਆਨੰਦ ਮਾਣਿਆ। ਇਸ ਮੌਕੇ ਬਾਬਾ ਜੀ ਦੇ ਗੁੜ ਵਾਲੇ ਚੌਲਾਂ ਦਾ ਪ੍ਰਸ਼ਾਦ ਸੰਗਤਾਂ ’ਚ ਵਰਤਾਇਆ ਗਿਆ। ਚਾਹ ਪਕੌੜੇ ਤੇ ਗੁਰੂ ਦੇ ਲੰਗਰ ਸੰਗਤਾਂ ’ਚ ਅਤੁੱਟ ਵਰਤੇ। ਬਾਅਦ ਦੁਪਹਿਰ ਤਿੰਨ ਵਜੇ ਸਕੂਲ ਦੀ ਗਰਾਊਂਡ ’ਚ ਛਿੰਝ ਮੇਲੇ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਇਸ ਮੌਕੇ ਸੱਦੇ ਹੋਏ ਅਖਾੜਿਆਂ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਪਹਿਲਵਾਨ ਅਮਰੀਕ ਵਾਲੋ ਕੀ ਦੀ ਅਗਵਾਈ ’ਚ ਕਰਵਾਈਆਂ ਗਈਆਂ, ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਪਹਿਲਵਾਨ ਨਛੱਤਰ ਢੰਡੋਵਾਲ ਦੀ ਦੇਖ ਰੇਖ ਹੇਠ ਪਟਕੇ ਦੀ ਕੁਸ਼ਤੀ ’ਚ ਇਰਫਾਨ ਪਹਿਲਵਾਨ ਇਰਾਨ ਤੇ ਸ਼ੁਭਮ ਪਹਿਲਵਾਨ ਵਿਚਕਾਰ ਕਾਂਟੇ ਦੀ ਟੱਕਰ ਹੋਈ ਪਰ ਸਮਾਂ ਬੀਤ ਜਾਣ ਉਪਰੰਤ ਵੀ ਕੋਈ ਵੀ ਪਹਿਲਵਾਨ ਦੂਜੇ ਦੀ ਪਿੱਠ ਨਹੀਂ ਲਾ ਸਕਿਆ ਜਿਸ ਕਾਰਨ ਪਟਕੇ ਦੀ ਕੁਸ਼ਤੀ ਬਰਾਬਰੀ ਤੇ ਰਹੀ। ਇਨਾਂ ਤੋਂ ਇਲਾਵਾ ਪੁੱਜੇ ਹੋਏ ਨਾਮੀ ਪਹਿਲਵਾਨਾਂ ਨੇ ਵੀ ਆਪਣੀ ਕੁਸ਼ਤੀ ਦੇ ਜੋਹਰ ਦਿਖਾਏ। ਮੰਚ ਦਾ ਸੰਚਾਲਨ ਅਵਤਾਰ ਸਿੰਘ ਕੰਗ ਤੇ ਕਮੈਂਟਰੀ ਦੀ ਸੇਵਾ ਦਵਿੰਦਰ ਕਿਲੀ ਵੱਲੋਂ ਬਾਖੂਬੀ ਨਿਭਾਈ ਗਈ। ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੇਲੇ ਲਈ ਸਾਬਕਾ ਸਰਪੰਚ ਦਲਵੀਰ ਸਿੰਘ, ਗੁਰਦੇਵ ਸਿੰਘ ਕਨੇਡਾ, ਹਰਨੇਕ ਸਿੰਘ ਕਨੇਡਾ, ਠੇਕੇਦਾਰ ਕੁਲਦੀਪ ਸਿੰਘ ਮਠਾੜੂ, ਜੀਤਾਂ ਚੇਲਾ, ਤੀਰਥ ਸਿੰਘ ਰਾਣਾ, ਸੁਖਦੇਵ ਸਿੰਘ ਚੇਲਾ, ਗਿੰਦਾ ਚੇਲਾ, ਅਮਰਜੀਤ ਸਿੰਘ ਚੇਲਾ, ਆਸ਼ੂ ਕਾਲੜਾ, ਚਰਨ ਸਿੰਘ ਕਨੇਡਾ, ਬਹਾਦਰ ਸਿੰਘ ਯੂਕੇ, ਰਾਜ ਮਨਵਿੰਦਰ ਸਿੰਘ ਰਾਜਾ ਯੂਕੇ, ਚਰਨ ਸਿੰਘ ਨਿਊਜ਼ੀਲੈਂਡ, ਬਹਾਦਰ ਸਿੰਘ ਯੂਐਸਏ, ਜਗੀਰ ਸਿੰਘ ਯੂਐਸਏ, ਜਰਨੈਲ ਸਿੰਘ, ਸ਼ਰਮਾ ਪਰਿਵਾਰ , ਪ੍ਰਧਾਨ ਸੰਤੋਖ ਸਿੰਘ, ਗੁਰਮੇਲ ਸਿੰਘ ਕਨੇਡਾ, ਗੁਰਮੁਖ ਸਿੰਘ, ਸਾਗਰ ਸਿੰਘ, ਮੱਖਣ ਸਿੰਘ, ਲੈਬਰ ਸਿੰਘ ਤੇ ਨਗਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਰਾਜ ਮਨਵਿੰਦਰ ਸਿੰਘ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਜੇ ਨਗਰ ਪੰਚਾਇਤ ਪਿੰਡ ’ਚ ਹਾਲ ਬਣਾਉਣ ਲਈ ਜ਼ਮੀਨ ਦਿੰਦੀ ਹੈ ਤਾਂ ਸਮੂਹ ਐੱਨਆਰਆਈ ਵੀਰ ਉਸ ਨੂੰ ਬਣਾਉਣ ’ਚ ਪੂਰਾ ਸਹਿਯੋਗ ਦੇਣਗੇ ਤਾਂ ਕਿ ਨਗਰ ਵਾਸੀਆਂ ਨੂੰ ਲੜਕੀਆਂ ਦੇ ਵਿਆਹ ਵੇਲੇ ਬਾਹਰ ਪੈਸੇ ਨਾ ਖਰਚਣੇ ਪੈਣ। ਇਸ ਮੌਕੇ ਪਿੰਡ ਦੇ ਨੌਜਵਾਨ ਪਹਿਲਵਾਨ ਸੁਖਬੀਰ ਸਿੰਘ ਦਾ ਪ੍ਰਬੰਧਕ ਕਮੇਟੀ ਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਨਕਦੀ ਤੇ ਬਦਾਮਾ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾ ਪੂਰਵਕ ਸਮਾਪਤ ਹੋਇਆ।