23 ਪੰਚਾਇਤਾਂ ਨੂੰ ਸੌਂਪੇ 5-5 ਲੱਖ ਰੁਪਏ ਦੇ ਚੈੱਕ
ਸਰਬਸੰਮਤੀ ਨਾਲ ਚੁਣੀਆਂ 23 ਪੰਚਾਇਤਾਂ ਨੂੰ ਸੌਂਪੇ 5-5 ਲੱਖ ਰੁਪਏ ਦੇ ਚੈੱਕ
Publish Date: Tue, 24 Feb 2026 08:38 PM (IST)
Updated Date: Tue, 24 Feb 2026 08:40 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਭਾਈਚਾਰਕ ਸਾਂਝ ਅਤੇ ਏਕਤਾ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਵੱਲੋਂ ਹਲਕੇ ‘ਚ ਸਰਬਸੰਮਤੀ ਨਾਲ ਚੁਣੀਆਂ ਗਈਆਂ 23 ਗ੍ਰਾਮ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਉਤਸ਼ਾਹਤ ਰਾਸ਼ੀ ਦੇ ਚੈੱਕ ਭੇਟ ਕੀਤੇ ਗਏ। ਗੱਲਬਾਤ ਕਰਦਿਆਂ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਮਾਨ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਵਿਖਾਉਂਦੀ ਹੈ। ਪੰਚਾਇਤੀ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਪਿੰਡਾਂ ਵਿੱਚੋਂ ਧੜੇਬੰਦੀ ਖ਼ਤਮ ਕਰਨ ਅਤੇ ਇਕਜੁੱਟਤਾ ਵਧਾਉਣ ਲਈ ਜਿਹੜੇ ਪਿੰਡ ਸਰਬਸੰਮਤੀ ਨਾਲ ਪੰਚਾਇਤਾਂ ਚੁਣਨਗੇ, ਉਨ੍ਹਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ। ਇਸੇ ਵਾਅਦੇ ਨੂੰ ਪੂਰਾ ਕਰਦਿਆਂ ਅੱਜ 23 ਪਿੰਡਾਂ ਨੂੰ ਇਹ ਰਾਸ਼ੀ ਸੌਂਪੀ ਗਈ ਹੈ, ਤਾਂ ਜੋ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾ ਸਕੇ। ਜਿਨ੍ਹਾਂ ਪੰਚਾਇਤਾਂ ਨੂੰ ਚੈੱਕ ਸੌਂਪੇ ਗਏ, ਉਨ੍ਹਾਂ ‘ਚ ਸੱਜਣਵਾਲ, ਸੀਚੇਵਾਲ, ਸ਼ੇਰਗੜੀ, ਹੇਰਾਂ, ਖਾਨਪੁਰ ਰਾਜਪੂਤਾਂ, ਖੋਸਾ, ਗਿੱਦੜਪਿੰਡੀ, ਜਾਣੀਆਂ, ਜਾਣੀਆਂ ਚਾਹਲ, ਜਾਫਰਾਪੁਰ, ਤਲਵੰਡੀ ਮਾਧੋ, ਨਵਾਂ ਪਿੰਡ ਖਾਲੇਵਾਲ, ਨਿਮਾਜੀਪੁਰ, ਬਸਤੀ ਕੰਗ ਕਲਾਂ, ਬਾੜਾ ਜਗੀਰ, ਬਾੜਾ ਜੋਧ ਸਿੰਘ, ਮਾਲੁਪੁਰ, ਮੁਰੀਦਵਾਲ, ਯੂਸਫਪੁਰ ਆਲੇਵਾਲ, ਯੂਸਫਪੁਰ ਦਾਰੇਵਾਲ, ਰੂਪੇਵਾਲ, ਪਿੱਪਲੀ ਅਤੇ ਮੱਖੀ ਪਿੰਡ ਸ਼ਾਮਲ ਹਨ। ਪਿੰਡ ਵਾਸੀਆਂ ਨੇ ਸਰਕਾਰ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਪਿੰਡਾਂ ਵਿੱਚ ਸਦਭਾਵਨਾ ਦਾ ਮਾਹੌਲ ਬਣੇਗਾ ਅਤੇ ਚੋਣਾਂ ਦੌਰਾਨ ਪੈਦਾ ਹੋਣ ਵਾਲੀ ਆਪਸੀ ਖਿੱਚੋਤਾਣ ਵੀ ਖ਼ਤਮ ਹੋਵੇਗੀ। ਇਸ ਮੌਕੇ ਪਾਰਟੀ ਦੇ ਅਹੁਦੇਦਾਰ, ਵਰਕਰ ਤੇ ਪਿੰਡਾਂ ਦੇ ਲੋਕ ਹਾਜ਼ਰ ਸਨ।