ਐਂਟੀਬਾਇਓਟਿਕ ਦੇ ਦੁਰ ਉਪਯੋਗ ਨਾਲ ਸਿਹਤ ਸੁਰੱਖਿਆ ਖਤਰੇ ’ਚ, ਕੈਮਿਸਟ ਲੋਕਾਂ ਨੂੰ ਕਰਨਗੇ ਜਾਗਰੂਕ
ਐਂਟੀਬਾਇਓਟਿਕ ਦੇ ਦੁਰੁਪਯੋਗ ਨਾਲ ਸਿਹਤ ਸੁਰੱਖਿਆ ਖਤਰੇ ’ਚ, ਕੈਮਿਸਟ ਲੋਕਾਂ ਨੂੰ ਕਰਨਗੇ ਜਾਗਰੂਕ
Publish Date: Sat, 14 Feb 2026 09:25 PM (IST)
Updated Date: Sun, 15 Feb 2026 04:15 AM (IST)

--ਪੰਜਾਬੀ ਜਾਗਰਣ ਤੇ ਇੰਡਿਅਨ ਮੈਡੀਕਲ ਐਸੋਸੀਏਸ਼ਨ ਦਾ ਸਾਂਝਾ ਅਭਿਆਨ --ਡਿਸਟ੍ਰਿਕਟ ਜਲੰਧਰ ਕੈਮਿਸਟ ਐਸੋਸੀਏਸ਼ਨ ਤੇ ਰਿਟੇਲ ਕੈਮਿਸਟ ਐਸੋਸੀਏਸ਼ਨ ਵੱਲੋਂ ਕੈਮਿਸਟਾਂ ਤੇ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ --ਸੁਪਰਬਗ ਦੇ ਵਧਦੇ ਖਤਰੇ ਬਾਰੇ ਕੀਤਾ ਚੇਤਾਵਨੀ ਭਰਿਆ ਸੰਦੇਸ਼ --ਜ਼ਿਲ੍ਹੇ ਦੇ ਰਿਟੇਲ ਦਵਾਈ ਵਿਕਰੇਤਾਵਾਂ ਨਾਲ ਨਾਲ ਆਮ ਲੋਕਾਂ ਤੱਕ ਵੀ ਪਹੁੰਚਾਇਆ ਜਾਵੇਗਾ ਜਾਗਰੂਕਤਾ ਸੰਦੇਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬੀ ਜਾਗਰਣ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਵੱਲੋਂ ਸਾਂਝੇ ਅਭਿਆਨ ‘ਏਐੱਮਆਰ ’ਤੇ ਪ੍ਰਹਾਰ... ਐਂਟੀਬਾਇਓਟਿਕਸ: ਲਾਪਰਵਾਹੀ ਨਹੀਂ ਚਲੇਗੀ’ ਦੇ ਤਹਿਤ ਸ਼ਨੀਵਾਰ ਨੂੰ ਐਂਟੀ ਮਾਇਕ੍ਰੋਬੀਅਲ ਰੇਜਿਸਟੈਂਸ ਵਿਸ਼ੇ ’ਤੇ ਡਿਸਟ੍ਰਿਕਟ ਜਲੰਧਰ ਕੈਮਿਸਟ ਐਸੋਸੀਏਸ਼ਨ ਤੇ ਰਿਟੇਲ ਕੈਮਿਸਟ ਐਸੋਸੀਏਸ਼ਨ (ਆਰਸੀਏ) ਵੱਲੋਂ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸਥਾਨਕ ਰੈਸਟੋਰੈਂਟ ’ਚ ਹੋਏ ਸੈਮੀਨਾਰ ਦੀ ਅਗਵਾਈ ਚੇਅਰਮੈਨ ਤੇਜਿੰਦਰ ਸਿੰਘ ਬਿੱਟੂ ਤੇ ਪ੍ਰਧਾਨ ਸੰਜੇ ਸਹਿਗਲ ਨੇ ਕੀਤੀ। ਇਸ ਮੌਕੇ ਆਈਐੱਮਏ ਦੇ ਪ੍ਰਤੀਨਿਧੀ ਗਲੋਬਲ ਹਸਪਤਾਲ ਦੇ ਡਾ. ਕੁਲਦੀਪ ਰੰਧਾਵਾ ਨੇ ਮੁੱਖ ਵਕਤਾ ਵਜੋਂ ਹਿੱਸਾ ਲਿਆ। ਉਨ੍ਹਾਂ ਨੇ ਐਂਟੀਬਾਇਓਟਿਕ ਦਵਾਈਆਂ ਦੇ ਵੱਧਦੇ ਦੁਰੁਪਯੋਗ ਕਾਰਨ ਐਂਟੀਮਾਇਕ੍ਰੋਬੀਅਲ ਰੇਜਿਸਟੈਂਸ ਦੇ ਗੰਭੀਰ ਖਤਰੇ ਬਾਰੇ ਜਾਣਕਾਰੀ ਦਿੱਤੀ। ਡਾਕਟਰ ਦੀ ਪਰਚੀ ਤੋਂ ਬਿਨਾਂ ਐਂਟੀਬਾਇਓਟਿਕ ਦੇਣਾ ਸਮਾਜ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਆਮ ਵਾਇਰਲ ਬਿਮਾਰੀਆਂ ’ਚ ਐਂਟੀਬਾਇਓਟਿਕ ਲੈਣ ਨਾਲ ਸਰੀਰ ’ਚ ਰੇਜਿਸਟੈਂਸ ਪੈਦਾ ਹੋ ਜਾਂਦੀ ਹੈ, ਜਿਸ ਕਾਰਨ ਭਵਿੱਖ ’ਚ ਜ਼ਰੂਰੀ ਦਵਾਈਆਂ ਵੀ ਅਸਰਹੀਣ ਹੋ ਸਕਦੀਆਂ ਹਨ ਤੇ ਸਾਈਡ ਇਫੈਕਟਸ ਦਾ ਖਤਰਾ ਵਧ ਜਾਂਦਾ ਹੈ। ਗਲਤ ਜਾਂ ਅਧਿਕ ਵਰਤੋਂ ਨਾਲ ਕਈ ਵਾਰ ਬੈਕਟੀਰੀਆ ‘ਸੁਪਰਬਗ’ ’ਚ ਤਬਦੀਲ ਹੋ ਜਾਂਦੇ ਹਨ, ਜਿਨ੍ਹਾਂ ’ਤੇ ਆਮ ਦਵਾਈਆਂ ਅਸਰ ਨਹੀਂ ਕਰਦੀਆਂ। ਸੈਮੀਨਾਰ ਦੌਰਾਨ ਦਵਾਈ ਵਿਕਰੇਤਾਵਾਂ ਵੱਲੋਂ ਸਵਾਲ-ਜਵਾਬ ਵੀ ਕੀਤੇ ਗਏ। ਪ੍ਰੋਗਰਾਮ ’ਚ ਇਹ ਵੀ ਨਿਰਣੈ ਲਿਆ ਗਿਆ ਕਿ ਲੋਕਾਂ ਨੂੰ ਮਨਮਰਜ਼ੀ ਨਾਲ ਐਂਟੀਬਾਇਓਟਿਕ ਨਾ ਲੈਣ ਬਾਰੇ ਜਾਗਰੂਕ ਕੀਤਾ ਜਾਵੇਗਾ ਤੇ ਕੈਮਿਸਟਾਂ ਨੂੰ ਵੀ ਇਸ ਸਬੰਧੀ ਸੰਦੇਸ਼ ਦਿੱਤਾ ਜਾਵੇਗਾ। ਇਸ ਮੌਕੇ ਜਨਰਲ ਸਕੱਤਰ ਜਸਪਾਲ ਸਿੰਘ, ਸੀਨੀਅਰ ਉਪ-ਪ੍ਰਧਾਨ ਸੁਨੀਲ ਕੱਕੜ, ਵਿੱਤ ਸਕੱਤਰ ਦਿਵੇਸ਼ ਕਪੂਰ, ਵਰਕਿੰਗ ਪ੍ਰਧਾਨ ਦੇਵ ਸ਼ਰਮਾ, ਵਰਕਿੰਗ ਮਹਾਸਚਿਵ ਸਤਨਾਮ ਸਿੰਘ ਬਾਜਵਾ, ਸੀਨੀਅਰ ਉਪ-ਪ੍ਰਧਾਨ ਰਾਕੇਸ਼ ਕਾਲੜਾ, ਕਾਰਜਕਾਰੀ ਮੈਂਬਰ ਸੈਮ ਗਿਲ, ਵਰਕਿੰਗ ਪ੍ਰਧਾਨ ਮੋਹਿਤ ਖੁਰਾਨਾ, ਵਰਕਿੰਗ ਸਕੱਤਰ ਹਰਪ੍ਰੀਤ ਸਿੰਘ ਸੋਢੀ ਸਮੇਤ ਹੋਰ ਮੈਂਬਰ ਤੇ ਅਧਿਕਾਰੀ ਹਾਜ਼ਰ ਸਨ। ਮਜ਼ਬੂਤ ਪ੍ਰਤੀਰੋਧਕ ਸ਼ਕਤੀ ਹੈ ਬਿਮਾਰੀਆਂ ਤੋਂ ਬਚਾਅ ਦਾ ਸੁਰੱਖਿਆ ਕਵਚ ਪ੍ਰੋਗਰਾਮ ਦੌਰਾਨ ਡਿਸਟ੍ਰਿਕਟ ਜਲੰਧਰ ਕੈਮਿਸਟ ਐਸੋਸੀਏਸ਼ਨ ਤੇ ਆਰਸੀਏ ਦੇ ਪ੍ਰਧਾਨ ਸੰਜੇ ਸਹਿਗਲ ਨੇ ਕਿਹਾ ਕਿ ਬਿਮਾਰੀ ਦਾ ਇਲਾਜ ਦਵਾਈ ਹੈ ਪਰ ਬਿਮਾਰੀ ਤੋਂ ਬਚਾਅ ਲਈ ਸਭ ਤੋਂ ਵੱਡਾ ਹਥਿਆਰ ਮਜ਼ਬੂਤ ਪ੍ਰਤੀਰੋਧਕ ਸ਼ਕਤੀ ਹੈ। ਵਾਰ-ਵਾਰ ਬਿਮਾਰ ਹੋਣਾ ਕਮਜ਼ੋਰ ਰੋਗ-ਰੋਕੂ ਸਮਰੱਥਾ ਦਾ ਸੰਕੇਤ ਹੋ ਸਕਦਾ ਹੈ। ਉਨ੍ਹਾਂ ਨੇ ਸੰਤੁਲਿਤ ਆਹਾਰ, ਨਿਯਮਿਤ ਵਿਆਯਾਮ ਤੇ ਸਿਹਤਮੰਦ ਜੀਵਨਸ਼ੈਲੀ ਨੂੰ ਇਮਿਊਨਿਟੀ ਵਧਾਉਣ ਦਾ ਆਧਾਰ ਦੱਸਿਆ। ਮੌਸਮੀ ਫਲ-ਸਬਜ਼ੀਆਂ, ਦਾਲਾਂ ਦਾ ਸੇਵਨ, ਯੋਗ, ਪ੍ਰਾਣਾਯਾਮ, ਧਿਆਨ ਤੇ ਸੈਰ ਨੂੰ ਰੋਜ਼ਾਨਾ ਦੀ ਦਿਨਚਰਿਆ ’ਚ ਸ਼ਾਮਲ ਕਰਨ ਦੀ ਸਲਾਹ ਦਿੱਤੀ। ਨਾਲ ਹੀ ਜੰਕ ਫੂਡ, ਬਹੁਤ ਜ਼ਿਆਦਾ ਮਿੱਠਾ, ਨਮਕ ਤੇ ਮਸਾਲੇਦਾਰ ਖਾਣੇ ਤੋਂ ਦੂਰ ਰਹਿਣ ’ਤੇ ਜ਼ੋਰ ਦਿੱਤਾ। ਬਿਨਾਂ ਡਿਗਰੀ ਪ੍ਰੈਕਟਿਸ ਕਰਨ ਵਾਲਿਆਂ ’ਤੇ ਸਰਕਾਰ ਕਰੇ ਸਖ਼ਤੀ ਡਿਸਟ੍ਰਿਕਟ ਜਲੰਧਰ ਕੈਮਿਸਟ ਐਸੋਸੀਏਸ਼ਨ ਦੇ ਮਹਾਸਚਿਵ ਤੇ ਆਰਸੀਏ ਦੇ ਵਾਈਸ ਚੇਅਰਮੈਨ ਜੇਐੱਸ ਚਾਵਲਾ ਨੇ ਕਿਹਾ ਕਿ ਬਿਨਾਂ ਲੋੜ ਐਂਟੀਬਾਇਓਟਿਕ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਕਈ ਲੋਕ ਬਿਨਾਂ ਮੈਡੀਕਲ ਡਿਗਰੀ ਦੇ ਡਾਕਟਰੀ ਪ੍ਰੈਕਟਿਸ ਕਰ ਰਹੇ ਹਨ ਤੇ ਮਰੀਜ਼ਾਂ ਨੂੰ ਇਕੱਠੇ ਦੋ-ਦੋ ਐਂਟੀਬਾਇਓਟਿਕ ਦਵਾਈਆਂ ਦੇ ਰਹੇ ਹਨ। ਕਈ ਮਾਮਲਿਆਂ ’ਚ ਮਰੀਜ਼ਾਂ ਨੂੰ ਪੂਰਾ ਕੋਰਸ ਵੀ ਨਹੀਂ ਕਰਵਾਇਆ ਜਾਂਦਾ, ਜੋ ਭਵਿੱਖ ’ਚ ਸੁਪਰਬਗ ਦੇ ਵੱਧਣ ਦਾ ਵੱਡਾ ਕਾਰਨ ਬਣ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ’ਚ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਲੋਕਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਈ ਜਾ ਸਕੇ।