ਸ਼ਹਿਰ ’ਚ ਈ-ਬੱਸ ਲਈ ਨਿਗਮ ਕੰਪਲੈਕਸ ’ਚ ਚਾਰਜਿੰਗ ਪੁਆਇੰਟ ਦਾ ਕੰਮ ਹੋਇਆ ਸ਼ੁਰੂ

- ਦੂਜਾ ਚਾਰਜਿੰਗ ਪੁਆਇੰਟ ਲੰਮਾ ਪਿੰਡ ਚੌਕ ਵਰਕਸ਼ਾਪ ’ਚ ਬਣੇਗਾ
ਮਦਨ ਭਾਰਦਵਾਜ, ਪੰਜਾਬੀ ਜਾਗਰਣ
ਜਲੰਧਰ : ਸ਼ਹਿਰ ’ਚ ਸ਼ੁਰੂ ਹੋਣ ਵਾਲੀ ਪ੍ਰਸਤਾਵਿਤ ਈ-ਬੱਸ ਸੇਵਾ ਲਈ ਨਗਰ ਨਿਗਮ ਕੈਂਪਸ ’ਚ ਚਾਰਜਿੰਗ ਪੁਆਇੰਟ ਬਨਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਜਦੋਂਕਿ ਦੂਜਾ ਚਾਰਜਿੰਗ ਪੁਆਇੰਟ ਨਗਰ ਨਿਗਮ ਦੀ ਲੰਮਾ ਪਿੰਡ ਵਰਕਸ਼ਾਪ ਚੌਕ ’ਚ ਬਣੇਗਾ। ਭਾਵੇਂ ਸਰਕਾਰ ਵੱਲੋਂ ਅਜੇ ਤੱਕ ਈ-ਬੱਸ ਸੇਵਾ ਸ਼ੁਰੂ ਕਰਨ ਦੀ ਕੋਈ ਮਹੀਨਾ ਜਾਂ ਤਰੀਕ ਨਿਰਧਾਰਤ ਨਹੀਂ ਕੀਤੀ ਹੈ ਪਰ ਸਰਕਾਰ ਦੇ ਫੈਸਲੇ ਨੂੰ ਦੇਖਦੇ ਹੋਏ ਨਗਰ ਨਿਗਮ ਨੇ ਈ-ਬੱਸ ਸੇਵਾ ਦੇ ਦੋ ਚਾਰਜਿੰਗ ਪੁਆਇੰਟਾਂ ਤੋਂ ਇਕ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮੌਜੂਦਾ ਸਮੇਂ ਦੌਰਾਨ ਸ਼ਹਿਰ ’ਚ ਲੋਕਲ ਬੱਸ ਬੰਦ ਹੈ, ਜਿਸ ਕਾਰਨ ਲੋਕਾਂ ਨੂੰ ਆਟੋ ਰਿਕਸ਼ਾ ਜਾਂ ਈ ਰਿਕਸ਼ਾ ਦੀ ਵਰਤੋਂ ਕਰਨੀ ਪੈਂਦੀ ਹੈ ਤੇ ਸਰਕਾਰ ਵੱਲੋਂ ਨਿਰਧਾਰਤ ਦਰਾਂ ਤੋਂ ਵੱਧ ਦਰਾਂ ਦੀ ਵਸੂਲੀ ਕਰਦੇ ਨੇ ਆਟੋ ਰਿਕਸ਼ਾ ਤੇ ਈ ਰਿਕਸ਼ਾ ਵਾਲੇ। ਜਦੋਂ ਈ-ਬੱਸ ਸੇਵਾ ਸ਼ੁਰੂ ਹੋ ਗਈ ਤਾਂ ਜਿੱਥੇ ਲੋਕਾਂ ਨੂੰ ਘੱਟ ਕਿਰਾਇਆ ਦੀ ਸਹੂਲਤ ਤਾਂ ਮਿਲੇਗੀ ਸਗੋਂ ਆਟੋ ਤੇ ਈ-ਰਿਕਸ਼ਾ ਵਾਲਿਆਂ ਤੋਂ ਵੱਧ ਵਸੂਲੇ ਜਾਣ ਵਾਲੇ ਕਿਰਾਏ ਤੋਂ ਨਿਜ਼ਾਤ ਮਿਲੇਗੀ।
ਸਿਟੀ ਬੱਸ ਸੇਵਾ ਤੋਂ ਬਾਅਦ ਸ਼ੁਰੂ ਹੋਣ ਜਾ ਰਹੀ ਹੈ ਈ ਬੱਸ ਸੇਵਾ
ਲਗਪਗ 15 ਤੋਂ 20 ਸਾਲ ਪਹਿਲਾਂ ਨਗਰ ਨਿਗਮ ਨੇ ਸਿਟੀ ਬੱਸ ਸੇਵਾ ਸ਼ੁਰੂ ਕੀਤੀ ਸੀ ਜਿਸ ’ਚ ਨਿੱਜੀ ਬੱਸ ਆਪ੍ਰੇਸ਼ਟਰਾਂ ਨੂੰ ਸ਼ਾਮਲ ਕੀਤਾ ਗਿਆ ਸੀ ਤੇ ਇਹ ਬੱਸ ਸੇਵਾ ਚਾਲੂ ਵੀ ਹੋ ਗਈ ਸੀ। ਜਿਸ ਦਾ ਲੋਕਾਂ ਨੂੰ ਵਧੇਰੇ ਲਾਭ ਮਿਲਿਆ ਸੀ, ਪਰ ਸਰਕਾਰ ਤੇ ਬੱਸ ਆਪ੍ਰੇਟਰਾਂ ਵਿਚਕਾਰ ਬਣੀ ਸਹਿਮਤੀ ਟੁੱਟ ਗਈ ਸੀ ਜਿਸ ਤੋਂ ਬਾਅਦ ਸਿਟੀ ਬੱਸ ਸੇਵਾ ਬੰਦ ਦ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਸਿਟੀ ਬੱਸ ਸੇਵਾ ਸ਼ੁਰੂ ਨਹੀਂ ਕੀਤੀ ਜਾ ਸਕੀ। ਸਿਟੀ ਬੱਸ ਸੇਵਾ ਲਈ ਸ਼ਹਿਰ ’ਚ ਬਣੇ ਬੱਸ ਸਟਾਪ ਅਜੇ ਵੀ ਕਾਇਮ ਹਨ ਅਤੇ ਇਹ ਹੀ ਬੱਸ ਸਟਾਪ ਈ ਬੱਸ ਸੇਵਾ ਲਈ ਵਰਤੇ ਜਾਣਗੇ।
3 ਕਰੋੜ ਦਾ ਹੈ ਪ੍ਰਾਜੈਕਟ : ਧਵਨ
ਇਸ ਸਬੰਧੀ ਨਗਰ ਨਿਗਮ ਦੇ ਐੱਸਈ ਰਾਹੁਲ ਧਵਨ ਨੇ ਦੱਸਿਆ ਕਿ ਉਕਤ ਪ੍ਰਾਜੈਕਟ 3 ਕਰੋੜ ਦਾ ਹੈ ਅਤੇ ਇਹ ਪ੍ਰਾਜੈਕਟ ਲਗਪਗ 6 ਮਹੀਨੇ ’ਚ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇੱਥੇ ਜਿੱਥੇ ਈ ਬੱਸਾਂ ਦਾ ਚਾਰਜਿੰਗ ਪੁਆਇੰਟ ਬਣੇਗਾ ਉੱਥੇ ਸ਼ਾਮ ਨੂੰ ਈ ਬੱਸਾਂ ਇੱਥੇ ਹੀ ਖੜ੍ਹੀਆਂ ਕੀਤੀਆਂ ਜਾਣਗੀਆਂ। ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਕਿਸੇ ਸਮੇਂ ਇੱਥੇ ਹੀ ਥਾਂ ’ਤੇ ਨਗਰ ਨਿਗਮ ਦੀ ਵਰਕਸ਼ਾਪ ਅਤੇ ਪੈਟਰੋਲ ਪੰਪ ਹੁੰਦਾ ਸੀ ਅਤੇ ਨਿਗਮ ਦੀ ਟਰਾਂਸਪੋਰਟ ਵੱਧ ਜਾਣ ਕਾਰਨ ਇਸ ਵਰਕਸ਼ਾਪ ਨੂੰ ਲੰਮਾ ਪਿੰਡ ਚੌਕ ਤਬਦੀਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਇਹ ਥਾਂ ਪਿਛਲੇ ਲਗਪਗ 15 ਸਾਲਾਂ ਤੋਂ ਖਾਲ੍ਹੀ ਪਈ ਸੀ ਜਿਥੇ ਹੁਣ ਈ ਬੱਸਾਂ ਦਾ ਚਾਰਜਿੰਗ ਪੁਆਇੰਟ ਬਣਾਇਆ ਜਾਣ ਲੱਗਾ ਹੈ।
ਐੱਨਓਸੀ ਨਾ ਮਿਲਣ ’ਤੇ ਦੂਜਾ ਪ੍ਰਾਜੈਕਟ ਸ਼ੁਰੂ ਨਹੀਂ ਹੋਇਆ
ਨਗਰ ਨਿਗਮ ਦੇ ਐੱਸਈ ਰਾਹੁਲ ਧਵਨ ਨੇ ਦਸਿਆ ਕਿ ਲੰਮਾ ਪਲਿੰਡ ਚੌਕ ਸਥਿਤ ਨਿਗਮ ਦੀ ਵਰਕਸ਼ਾਪ ’ਚ ਬਣਾਇਆ ਜਾਣਾ ਹੈ ਤੇ ਇਹ ਥਾਂ ਮੰਡੀ ਬੋਰਡ ਦੀ ਹੈ ਅਤੇ ਬੋਰਡ ਵੱਲੋਂ ਐੱਨਓਸੀ ਨਾ ਮਿਲਣ ਕਾਰਨ ਇੱਥੇ ਚਾਰਜਿੰਗ ਪੁਆਇੰਟ ਦੀ ਸ਼ੁਰੂਆਤ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਕੁਝ ਦਿਨਾਂ ’ਚ ਐੱਨਓਸੀ ਲੈ ਲਈ ਜਾਏਗੀ ਤੇ ਵਰਕਸ਼ਾਪ ਵਿਖੇ ਚਾਰਜਿੰਗ ਪੁਆਇੰਟ ਕਾਇਮ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਹ ਵੀ ਪ੍ਰਾਜੈਕਟ ਸ਼ੁਰੂ ਹੋਣ ਦੇ ਬਾਅਦ ਲਗਪਗ 6 ਮਹੀਨੇ ’ਚ ਤਿਆਰ ਹੋ ਜਾਵੇਗਾ।