ਅਧਿਆਪਕ ’ਤੇ ਲਾਏ ਮਾਰਕੁੱਟ ਕਰਨ ਦਾ ਦੋਸ਼
ਗੜਾ ਸਕੂਲ ’ਚ ਹਫੜਾ-ਦਫੜੀ
Publish Date: Sat, 14 Feb 2026 09:44 PM (IST)
Updated Date: Sat, 14 Feb 2026 09:45 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਗੜਾ ਦੇ ਟੈਂਕੀ ਮੁਹੱਲਾ ’ਚ ਸੇਠ ਰਾਮਚੰਦ ਮੈਮੋਰੀਅਲ ਸਕੂਲ ’ਚ ਵਿਦਿਆਰਥੀਆਂ ਵਿਚਾਲੇ ਹੋਈ ਲੜਾਈ ਨੇ ਵੱਡਾ ਵਿਵਾਦ ਛੇੜ ਦਿੱਤਾ। ਦੋਸ਼ ਹੈ ਕਿ ਛੇਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਇਕ ਅਧਿਆਪਕ ਨੇ ਕੁੱਟਿਆ, ਜਿਸ ਕਾਰਨ ਸਕੂਲ ਕੈਂਪਸ ’ਚ ਹੰਗਾਮਾ ਹੋ ਗਿਆ। ਤਣਾਅ ਦੌਰਾਨ ਇਕ ਔਕਤ ਵੀ ਬੇਹੋਸ਼ ਹੋ ਗਈ। ਥਾਣਾ-7 ਦੀ ਪੁਲਿਸ ਮੌਕੇ ਤੇ ਪੁੱਜੀ ਤੇ ਜਾਂਚ ਸ਼ੁਰੂ ਕਰ ਦਿੱਤੀ। ਪੀੜਤ ਦੇ ਪਿਤਾ ਰਾਕੇਸ਼ ਕੁਮਾਰ ਨੇ ਦੋਸ਼ ਲਾਇਆ ਕਿ ਉਸ ਦੇ ਪੁੱਤਰ ਦੀ ਸਕੂਲ ’ਚ ਇਕ ਵਿਦਿਆਰਥੀ ਨਾਲ ਲੜਾਈ ਹੋਈ ਸੀ, ਜੋ ਕਥਿਤ ਤੌਰ ਤੇ ਇਕ ਅਧਿਆਪਕ ਦਾ ਰਿਸ਼ਤੇਦਾਰ ਹੈ। ਦੋਸ਼ ਹੈ ਕਿ ਅਧਿਆਪਕ ਰਿਤੂ ਨੇ ਵਿਦਿਆਰਥੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਘਰ ਲੈ ਗਈ ਤੇ ਹਮਲਾ ਕੀਤਾ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਇਕ ਹੋਰ ਅਧਿਆਪਕ ਰਾਹੀਂ ਪਤਾ ਲੱਗਾ। ਪਰਿਵਾਰ ਦਾ ਦਾਅਵਾ ਹੈ ਕਿ ਘਟਨਾ ਤੋਂ ਬਾਅਦ ਬੱਚਾ ਡਰ ਗਿਆ ਹੈ ਤੇ ਸਕੂਲ ਜਾਣ ਤੋਂ ਡਰਦਾ ਹੈ। ਜਦੋਂ ਉਨ੍ਹਾਂ ਨੇ ਸ਼ਿਕਾਇਤ ਲੈ ਕੇ ਸਕੂਲ ਪ੍ਰਬੰਧਨ ਕੋਲ ਪਹੁੰਚ ਕੀਤੀ ਤਾਂ ਦੂਜੇ ਵਿਦਿਆਰਥੀ ਦੇ ਮਾਪਿਆਂ ਨਾਲ ਬਹਿਸ ਹੋ ਗਈ। ਇਕ ਹੋਰ ਔਰਤ ਸੰਗੀਤਾ ਨੇ ਇਹ ਵੀ ਦੋਸ਼ ਲਾਇਆ ਕਿ ਉਸਦੇ ਪੁੱਤਰ ਰਾਹੁਲ ਨੂੰ ਵੀ ਅਧਿਆਪਕ ਨੇ ਕਥਿਤ ਤੌਰ ਤੇ ਕੁੱਟਿਆ ਹੈ। ਪੀੜਤ ਧਿਰ ਦੀ ਇਕ ਨੌਜਵਾਨ ਔਰਤ ਨੇ ਦੱਸਿਆ ਕਿ ਘਟਨਾ ਸਮੇਂ ਘਰ ’ਚ ਕੋਈ ਵੀ ਬਜ਼ੁਰਗ ਮੈਂਬਰ ਮੌਜੂਦ ਨਹੀਂ ਸੀ। ਇਸ ਦੌਰਾਨ ਕੁਝ ਔਰਤਾਂ ਪੁੱਜੀਆਂ ਤੇ ਬੱਚੇ ਨੂੰ ਬਾਹਰ ਲਿਆਉਣ ਦੀ ਮੰਗ ਕੀਤੀ। ਦੋਸ਼ ਹੈ ਕਿ ਬੱਚੇ ਨੂੰ ਬਾਅਦ ’ਚ ਗਲੀ ’ਚ ਲਿਜਾ ਕੇ ਦੁਬਾਰਾ ਕੁੱਟਿਆ ਗਿਆ ਤੇ ਜੇ ਉਨ੍ਹਾਂ ਨੇ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ। ਏਐੱਸਆਈ ਸੁੱਚਾ ਸਿੰਘ ਨੇ ਦੱਸਿਆ ਕਿ ਹਮਲੇ ਦੀ ਸ਼ਿਕਾਇਤ ਮਿਲੀ ਹੈ ਤੇ ਪਰਿਵਾਰ ਤੋਂ ਲਿਖਤੀ ਸ਼ਿਕਾਇਤ ਮੰਗੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ ਜਾਂਚ ਦੌਰਾਨ ਦੋਸ਼ ਸੱਚ ਪਾਏ ਜਾਂਦੇ ਹਨ ਤਾਂ ਸਬੰਧਤ ਵਿਅਕਤੀ ਵਿਰੁੱਧ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ। ਪੁਲਿਸ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ।