ਚੱਕ ਸਾਹਬੂ ਵਿਖ਼ੇ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ
ਚੱਕ ਸਾਹਬੂ ਵਿਖ਼ੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮਦਿਨ ਮਨਾਇਆ
Publish Date: Sun, 19 Apr 2026 06:53 PM (IST)
Updated Date: Mon, 20 Apr 2026 04:09 AM (IST)

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਪਿੰਡ ਚੱਕ ਸਾਹਬੂ ਵਿੱਚ ਡਾ. ਅੰਬੇਡਕਰ ਭਵਨ ਕਮੇਟੀ, ਗੁਰੂ ਰਵਿਦਾਸ ਗੁਰਦੁਆਰਾ ਕਮੇਟੀ, ਐਨਆਰਆਈ ਸਹਿਯੋਗੀਆਂ ਅਤੇ ਗ੍ਰਾਮ ਪੰਚਾਇਤ ਦੇ ਸਾਂਝੇ ਉਪਰਾਲੇ ਨਾਲ ਡਾ. ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਵਿੱਚ ਸੰਦੀਪ ਕੌਰ ਲਾਂਦੜਾ (ਚੇਅਰਪਰਸਨ, ਬਲਾਕ ਸੰਮਤੀ ਫਿਲੌਰ), ਬਲਾਕ ਸੰਮਤੀ ਮੈਂਬਰ ਅਨੀਤਾ ਪੌਲ, ਕੁਲਵੀਰ ਪੌਲ ਅੱਟੀ ਅਤੇ ਬਸਪਾ ਕੋਆਰਡੀਨੇਟਰ ਮਹਿੰਦਰ ਪਾਲ ਤੇਹਿੰਗ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਨੇ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਅਤੇ ਉਪਲਬਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸਤਿਗੁਰੂ ਰਵਿਦਾਸ ਜੀ ਦੇ 650ਵੇਂ ਗੁਰਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਮੈਰਿਟ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਮਾਤਾ ਕਲਸਾਂ ਯਾਦਗਾਰੀ ਅਵਾਰਡ ਦੀ ਸ਼ੁਰੂਆਤ ਕੀਤੀ ਗਈ। ਸਾਲ 2026 ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਿੱਚ ਪਿੰਡ ਕੰਗ ਜਗੀਰ ਦੀ ਵੰਸ਼ਿਕਾ ਸੰਧੂ ਨੇ ਸੀਬੀਐੱਸਈ ਮੈਟ੍ਰਿਕ ਪ੍ਰੀਖਿਆ ਵਿੱਚ 97.5% ਅੰਕ ਹਾਸਲ ਕੀਤੇ। ਸ਼੍ਰੀ ਇਲਮਚੰਦ ਸਰਵਹਿੱਤਕਾਰੀ ਵਿਦਿਆ ਮੰਦਰ ਹਾਈ ਸਕੂਲ ਛੋਕਰਾਂ ਦੀ ਵਿਦਿਆਰਥਣ ਰੀਤਿਕਾ (ਪੁੱਤਰੀ ਅਵਤਾਰ ਰਾਮ) ਨੇ 8ਵੀਂ ਜਮਾਤ ਵਿੱਚ 592/600 ਅੰਕ ਪ੍ਰਾਪਤ ਕਰ ਕੇ ਪੰਜਾਬ ਵਿੱਚ 8ਵਾਂ ਅਤੇ ਜ਼ਿਲ੍ਹਾ ਜਲੰਧਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗਵਰਨਮੈਂਟ ਹਾਈ ਸਕੂਲ ਲਾਂਦੜਾ ਦੇ ਵਿਦਿਆਰਥੀ ਸੌਰਵ ਜੱਖੂ (ਪੁੱਤਰ ਤਰਸੇਮ ਲਾਲ), ਵਾਸੀ ਖਾਨਪੁਰ, ਨੇ 587/600 ਅੰਕ ਲੈ ਕੇ ਪੰਜਾਬ ’ਚ 13ਵਾਂ ਸਥਾਨ ਪ੍ਰਾਪਤ ਕੀਤਾ। ਕਮੇਟੀ ਵੱਲੋਂ ਤਿੰਨਾਂ ਵਿਦਿਆਰਥੀਆਂ ਨੂੰ ਮਾਤਾ ਕਲਸਾਂ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਸਮਾਗਮ ਵਿੱਚ ਭਾਗ ਲੈਣ ਵਾਲੇ ਹੋਰ ਬੱਚਿਆਂ ਨੂੰ ਵੀ ਸਟੇਸ਼ਨਰੀ ਦੇ ਕੇ ਪ੍ਰੋਤਸਾਹਿਤ ਕੀਤਾ ਗਿਆ। ਸਮਾਗਮ ਦੌਰਾਨ ਗੁਰਦੀਪ ਲਸਾੜਾ ਦੀ ਏਕਤਾ ਕਲਾ ਮੰਚ ਵੱਲੋਂ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ‘ਤੇ ਆਧਾਰਿਤ ਨਾਟਕ ਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਸਮਾਗਮ ਨੂੰ ਸਫਲ ਬਣਾਉਣ ਵਾਲੇ ਦਾਨੀ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਅਖੀਰ ਵਿੱਚ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ. ਅੰਬੇਡਕਰ ਭਵਨ ਕਮੇਟੀ, ਐਨਆਰਆਈ ਸਹਿਯੋਗੀ, ਗ੍ਰਾਮ ਪੰਚਾਇਤ ਅਤੇ ਪਿੰਡ ਦੇ ਮਾਣਯੋਗ ਵਿਅਕਤੀ ਵੱਡੀ ਗਿਣਤੀ ’ਚ ਹਾਜ਼ਰ ਸਨ।