ਬਲਾਕ ਸੰਮਤੀ ਫਿਲੌਰ ਦੀ ਚੇਅਰਮੈਨੀ ’ਤੇ ਬਸਪਾ ਕਾਬਜ਼
ਬਲਾਕ ਸੰਮਤੀ ਫਿਲੌਰ ਦੀ ਚੇਅਰਮੈਨੀ ਬਸਪਾ ਦੇ ਹਿੱਸੇ, ਅਕਾਲੀ ਦਲ ਦੇ ਸਹਿਯੋਗ ਨਾਲ ਸੰਦੀਪ ਕੌਰ ਚੇਅਰਪਰਸਨ ਚੁਣੀ
Publish Date: Thu, 12 Mar 2026 06:22 PM (IST)
Updated Date: Thu, 12 Mar 2026 06:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਬੀਡੀਪੀਓ ਦਫ਼ਤਰ ਫਿਲੌਰ ’ਚ ਬਲਾਕ ਸੰਮਤੀ ਫਿਲੌਰ ਦੇ ਚੇਅਰਪਰਸਨ ਦੀ ਚੋਣ ਕਰਵਾਈ ਗਈ। ਇਸ ਦੌਰਾਨ ਕੁੱਲ 20 ਚੁਣੇ ਹੋਏ ਮੈਂਬਰਾਂ ਤੇ ਇਕ ਵਿਧਾਇਕ ਨੇ ਵੋਟਿੰਗ ’ਚ ਹਿੱਸਾ ਲਿਆ। ਚੋਣ ਦੌਰਾਨ ਬਹੁਜਨ ਸਮਾਜ ਪਾਰਟੀ (ਬਸਪਾ) ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਂਝੇ ਉਮੀਦਵਾਰ ਵਜੋਂ ਸੰਦੀਪ ਕੌਰ ਨੂੰ ਚੇਅਰਪਰਸਨ ਤੇ ਨੱਛਤਰੋ ਨੂੰ ਵਾਈਸ ਚੇਅਰਪਰਸਨ ਚੁਣਿਆ ਗਿਆ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐੱਸਡੀਐੱਮ ਕਮ ਰਿਟਰਨਿੰਗ ਅਫਸਰ ਫਿਲੌਰ ਦੀਪਕ ਭਾਟੀਆ ਨੇ ਦੱਸਿਆ ਕਿ ਸੰਦੀਪ ਕੌਰ ਨੂੰ 13 ਵੋਟਾਂ ਮਿਲਣ ਨਾਲ ਬਲਾਕ ਸੰਮਤੀ ਫਿਲੌਰ ਦਾ ਚੇਅਰਪਰਸਨ ਚੁਣਿਆ ਗਿਆ, ਜਦਕਿ ਨੱਛਤਰੋ ਨੂੰ 12 ਵੋਟਾਂ ਨਾਲ ਵਾਈਸ ਚੇਅਰਪਰਸਨ ਚੁਣਿਆ ਗਿਆ। ਚੋਣ ਦੇ ਨਤੀਜੇ ਆਉਣ ਉਪਰੰਤ ਬਸਪਾ ਤੇ ਅਕਾਲੀ ਦਲ ਦੇ ਆਗੂਆਂ ਤੇ ਸਮਰਥਕਾਂ ਨੇ ਦੋਵੇਂ ਜੇਤੂ ਉਮੀਦਵਾਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਤੇ ਕਾਂਗਰਸ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਵੀ ਜਿੱਤ ’ਤੇ ਵਧਾਈ ਦਿੱਤੀ। ਸਮਾਗਮ ਦੌਰਾਨ ਹਰਜਿੰਦਰ ਸਿੰਘ ਲੱਲੀਆਂ, ਬਸਪਾ ਆਗੂ ਗਿਆਨ ਗੁਰਾਇਆ, ਅਮਰਜੀਤ ਸਿੰਘ ਕਟਾਣਾ, ਖੁਸ਼ੀ ਰਾਮ (ਬਸਪਾ ਜ਼ਿਲ੍ਹਾ ਇੰਚਾਰਜ) ਸਮੇਤ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵੱਡੀ ਗਿਣਤੀ ’ਚ ਸਮਰਥਕ ਮੌਜੂਦ ਸਨ।