- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਚੀ ਨਾਲ ਹੋਏ ਫੈਸਲੇ 'ਚ ਚੇਅਰਮੈਨੀ ‘ਆਪ’ ਤੇ ਵਾਈਸ ਚੇਅਰਮੈਨੀ ਕਾਂਗਰਸ ਦੇ ਹਿੱਸੇ

ਪ੍ਰਿਤਪਾਲ ਸਿੰਘ/ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਬਲਾਕ ਸੰਮਤੀ ਸ਼ਾਹਕੋਟ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਐੱਸਡੀਐੱਮ ਨਕੋਦਰ ਸਿਮਰਨਜੀਤ ਸਿੰਘ ਤੇ ਬੀਡੀਪੀਓ ਬਲਜੀਤ ਸਿੰਘ ਬੱਗਾ ਦੀ ਦੇਖ-ਰੇਖ ਹੇਠ ਅੱਜ ਪੂਰਨ ਅਮਨ-ਸ਼ਾਂਤੀ ਨਾਲ ਸੰਪੰਨ ਹੋ ਗਈ। ਰੋਮਾਂਚਕ ਤੇ ਫਸਵੇਂ ਸਿਆਸੀ ਮੁਕਾਬਲੇ ’ਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਚੇਅਰਮੈਨ ਦੇ ਅਹੁਦੇ 'ਤੇ ਕਬਜ਼ਾ ਕੀਤਾ, ਜਦਕਿ ਵਾਈਸ ਚੇਅਰਮੈਨੀ ਦਾ ਤਾਜ ਕਾਂਗਰਸ ਪਾਰਟੀ ਦੇ ਸਿਰ ਸਜਿਆ। ਕੁੱਲ 15 ਜ਼ੋਨਾਂ ਵਾਲੀ ਸ਼ਾਹਕੋਟ ਬਲਾਕ ਸੰਮਤੀ ਵਿੱਚ ਸਿਆਸੀ ਸਮੀਕਰਨ ਬਹੁਤ ਹੀ ਦਿਲਚਸਪ ਸਨ। ਅੰਕੜਿਆਂ ਮੁਤਾਬਕ ਕਾਂਗਰਸ ਕੋਲ 7, ਆਮ ਆਦਮੀ ਪਾਰਟੀ ਕੋਲ 7 ਅਤੇ ਸ਼੍ਰੋਮਣੀ ਅਕਾਲੀ ਦਲ ਕੋਲ ਇਕ ਬਲਾਕ ਸੰਮਤੀ ਮੈਂਬਰ ਸੀ। ਅਹੁਦੇਦਾਰਾਂ ਦੀ ਚੋਣ ਲਈ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ 16ਵੇਂ ਮੈਂਬਰ ਵਜੋਂ (ਕਾਂਗਰਸ ਦੇ ਹੱਕ ਵਿੱਚ) ਆਪਣੀ ਵੋਟ ਦੀ ਵਰਤੋਂ ਕੀਤੀ। ਚੋਣ ਪ੍ਰਕਿਰਿਆ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਮੈਂਬਰ ਨੇ ‘ਆਪ’ ਦਾ ਸਮਰਥਨ ਕਰ ਦਿੱਤਾ, ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਮੁਕਾਬਲਾ 8-8 ਦੀ ਬਰਾਬਰੀ ‘ਤੇ ਆ ਗਿਆ। ਚੇਅਰਮੈਨ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਵੱਲੋਂ ਕਾਕੜਾ ਕਲਾਂ ਜ਼ੋਨ ਤੋਂ ਬਲਾਕ ਸੰਮਤੀ ਮੈਂਬਰ ਰਮਨਦੀਪ ਕੌਰ ਮੁੱਤੀ ਨੂੰ ਮੈਦਾਨ ’ਚ ਉਤਾਰਿਆ ਗਿਆ, ਜਦਕਿ ਕਾਂਗਰਸ ਵੱਲੋਂ ਮੱਲੀਵਾਲ ਜ਼ੋਨ ਤੋਂ ਮੈਂਬਰ ਬੀਬੀ ਹਰਦੀਪ ਕੌਰ ਨੂੰ ਉਮੀਦਵਾਰ ਬਣਾਇਆ ਗਿਆ। ਦੋਵਾਂ ਧਿਰਾਂ ਦੀਆਂ ਵੋਟਾਂ ਬਰਾਬਰ ਰਹਿਣ ਕਾਰਨ ਫੈਸਲਾ ਟਾਸ ਪਾ ਕੇ ਪਰਚੀ ਰਾਹੀਂ ਕੀਤਾ ਗਿਆ। ਕਿਸਮਤ ਨੇ ‘ਆਪ’ ਉਮੀਦਵਾਰ ਦਾ ਸਾਥ ਦਿੱਤਾ ਅਤੇ ਰਮਨਦੀਪ ਕੌਰ ਮੁੱਤੀ ਟਾਸ ਜਿੱਤ ਕੇ ਬਲਾਕ ਸੰਮਤੀ ਸ਼ਾਹਕੋਟ ਦੇ ਚੇਅਰਪਰਸਨ ਚੁਣੇ ਗਏ। ਇਸੇ ਤਰ੍ਹਾਂ ਵਾਈਸ ਚੇਅਰਮੈਨੀ ਦੀ ਚੋਣ ਵਿਚ ਪਰਚੀ ਕਾਂਗਰਸ ਦੇ ਹੱਕ ’ਚ ਨਿਕਲੀ ਤੇ ਨੰਗਲ ਅੰਬੀਆਂ ਜ਼ੋਨ ਤੋਂ ਕਾਂਗਰਸੀ ਮੈਂਬਰ ਸੁਖਦੇਵ ਸਿੰਘ ਸੁੱਖਾ ਨੇ ਕੁਲਾਰ ਜ਼ੋਨ ਤੋਂ ਕੁਲਵੰਤ ਸਿੰਘ ਨੂੰ ਹਰਾਇਆ ਤੇ ਸੁਖਦੇਵ ਸਿੰਘ ਦੇ ਸਿਰ ਵਾਈਸ ਚੇਅਰਮੈਨੀ ਦਾ ਤਾਜ ਸਜਿਆ। ਇਸ ਮੌਕੇ ਬਿੱਲੀ ਬੜੈਚ ਜ਼ੋਨ ਤੋਂ ਚਰਨਜੀਤ ਕੌਰ, ਸਾਹਲਾ ਨਗਰ ਜ਼ੋਨ ਤੋਂ ਰੀਤਾ, ਢੰਡੋਵਾਲ ਜ਼ੋਨ ਤੋਂ ਜਗਦੀਪ ਕੌਰ, ਥੰਮੂਵਾਲ ਜ਼ੋਨ ਤੋਂ ਸੋਨੀਆ, ਬਾਹਮਣੀਆਂ ਜ਼ੋਨ ਤੋਂ ਸੀਮਾ ਗਿੱਲ, ਬਾਜਵਾ ਕਲਾਂ ਜ਼ੋਨ ਤੋਂ ਬਲਕਾਰ ਸਿੰਘ, ਸੈਦਪੁਰ ਝਿੜੀ ਜ਼ੋਨ ਤੋਂ ਰਸ਼ਪਾਲ ਸਿੰਘ ਢੋਟ, ਕੋਹਾੜ ਕਲਾਂ ਜ਼ੋਨ ਤੋਂ ਸਵਿੰਦਰ ਸਿੰਘ ਸੋਨੂੰ, ਮਾਣਕਪੁਰ ਜ਼ੋਨ ਤੋਂ ਸੁਰਿੰਦਰ ਪਾਲ, ਪੂਨੀਆਂ ਜ਼ੋਨ ਤੋਂ ਰੁਪਿੰਦਰ ਕੌਰ, ਤਲਵੰਡੀ ਬੂਟਿਆਂ ਜ਼ੋਨ ਤੋਂ ਪਰਮਨਜੀਤ ਕੌਰ ਆਦਿ ਹਾਜ਼ਰ ਸਨ।
------------------------
ਡੀਐੱਸਪੀ ਸੁਖਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਦੇ ਸ਼ਾਨਦਾਰ ਪ੍ਰਬੰਧ
ਬਲਾਕ ਸੰਮਤੀ ਦੇ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਨੂੰ ਬਿਨਾਂ ਕਿਸੇ ਵਿਘਨ ਦੇ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਡੀਐੱਸਪੀ ਸ਼ਾਹਕੋਟ ਸੁਖਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਬਿਹਤਰੀਨ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪੁਲਿਸ ਵੱਲੋਂ ਚੋਣ ਵਾਲੇ ਸਾਰੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਪੁਲਿਸ ਦੀ ਸਖ਼ਤੀ ਤੇ ਮੁਸਤੈਦੀ ਕਾਰਨ ਕਿਸੇ ਵੀ ਸਿਆਸੀ ਪਾਰਟੀ ਦੇ ਵਰਕਰਾਂ ਨੂੰ ਖਲਲ ਪਾਉਣ ਜਾਂ ਹੁੱਲੜਬਾਜ਼ੀ ਕਰਨ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਦਿੱਤੀ ਗਈ। ਸੁਰੱਖਿਆ ਪ੍ਰਬੰਧਾਂ ਦੀ ਗੰਭੀਰਤਾ ਨੂੰ ਦੇਖਦਿਆਂ ਐੱਸਪੀ ਮੁਕੇਸ਼ ਕੁਮਾਰ ਨੇ ਵੀ ਖੁਦ ਮੌਕੇ ‘ਤੇ ਪਹੁੰਚ ਕੇ ਸਾਰੇ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੇ ਵੀ ਚੋਣ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ ਡੀਐੱਸਪੀ ਸੁਖਪਾਲ ਸਿੰਘ ਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਐੱਸਐੱਚਓ ਸ਼ਾਹਕੋਟ ਬਲਵਿੰਦਰ ਸਿੰਘ ਭੁੱਲਰ, ਐੱਸਐੱਚਓ ਲੋਹੀਆਂ ਕ੍ਰਿਸ਼ਨ ਗੋਪਾਲ, ਐੱਸਐੱਚਓ ਮਹਿਤਪੁਰ ਲਾਭ ਸਿੰਘ, ਐੱਸਆਈ ਲਖਵਿੰਦਰ ਸਿੰਘ, ਐੱਸਆਈ ਬਲਵੀਰ ਚੰਦ, ਐੱਸਆਈ ਸਰਵਣ ਸਿੰਘ ਸਮੇਤ ਵੱਡੀ ਗਿਣਤੀ ‘ਚ ਪੁਲਿਸ ਫੋਰਸ ਹਾਜ਼ਰ ਸੀ।