‘ਆਪ’ ਦੇ ਦਾਅਵੇਦਾਰਾਂ ’ਚ ਚੇਅਰਮੈਨ ਵੀ ਸ਼ਾਮਲ
‘ਆਪ’ ਦੇ ਦਾਅਵੇਦਾਰਾਂ ‘ਚ ਚੇਅਰਮੈਨ ਵੀ ਸ਼ਾਮਲ
Publish Date: Sun, 18 Jan 2026 06:21 PM (IST)
Updated Date: Mon, 19 Jan 2026 04:12 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਅਜੇ ਇਕ ਸਾਲ ਦਾ ਸਮਾਂ ਬਾਕੀ ਹੈ, ਪਰ ਸ਼ਾਹਕੋਟ ਹਲਕੇ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਅੰਦਰੂਨੀ ਗਲਿਆਰਿਆਂ ’ਚ ਸਿਆਸੀ ਪਾਰਾ ਹੁਣ ਤੋਂ ਹੀ ਸਿਖਰਾਂ ‘ਤੇ ਪਹੁੰਚਿਆ ਹੋਇਆ ਹੈ। ਵਿਧਾਇਕ ਬਣਨ ਲਈ ‘ਆਪ’ ਦੀ ਟਿਕਟ ਲਈ ਜਿੱਥੇ ਮੌਜੂਦਾ ਹਲਕਾ ਇੰਚਾਰਜ ਤੇ ਸਾਬਕਾ ਹਲਕਾ ਇੰਚਾਰਜ ਦੀ ਪਤਨੀ ਖੁੱਲ੍ਹ ਕੇ ਤਾਲ ਠੋਕ ਰਹੇ ਹਨ, ਉੱਥੇ ਹੀ ਮਾਰਕੀਟ ਕਮੇਟੀ ਦੇ ਇਕ ਮੌਜੂਦਾ ਚੇਅਰਮੈਨ ਦੀ ‘ਰਣਨੀਤਕ ਚੁੱਪ’ ਨੇ ਟਿਕਟ ਲਈ ਨਵੇਂ ਸਮੀਕਰਨ ਬਣਾ ਦਿੱਤੇ ਹਨ। ਹਲਕੇ ’ਚ ਇਸ ਸਮੇਂ ਮੌਜੂਦਾ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਤੇ ਪੰਜਾਬ ਇਨਫੋਟੈੱਕ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ (ਪਤਨੀ ਸਾਬਕਾ ਇੰਚਾਰਜ ਸਵ. ਰਤਨ ਸਿੰਘ ਕਾਕੜ ਕਲਾਂ) ਵੱਲੋਂ ਆਪੋ-ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ। ਦੋਵੇਂ ਧੜੇ ਹਾਈਕਮਾਨ ਤੱਕ ਪਹੁੰਚ ਬਣਾਉਣ ਤੇ ਸ਼ਕਤੀ ਪ੍ਰਦਰਸ਼ਨ ਵਿਚ ਰੁੱਝੇ ਹੋਏ ਹਨ। ਪਰ ਇਸ ਸਿਆਸੀ ਰੌਲੇ-ਰੱਪੇ ਦੇ ਦਰਮਿਆਨ ਮਾਰਕੀਟ ਕਮੇਟੀ ਦੇ ਇਕ ਚੇਅਰਮੈਨ ਦੀ ਭੂਮਿਕਾ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਾਕੀ ਆਗੂ ਜਿੱਥੇ ਸਿੱਧੇ ਤੌਰ ਤੇ ਜ਼ੋਰ-ਅਜ਼ਮਾਇਸ਼ ਵਿੱਚ ਉਲਝੇ ਹੋਏ ਹਨ, ਉੱਥੇ ਹੀ ਚੇਅਰਮੈਨ ਇੱਕ ਮੰਝੇ ਹੋਏ ਸਿਆਸਤਦਾਨ ਵਾਂਗ ਸਾਰੀ ਸਥਿਤੀ ਨੂੰ ਬੜੀ ਬਰੀਕੀ ਨਾਲ ਵਾਚ ਰਹੇ ਹਨ। 2022 ਦੀਆਂ ਚੋਣਾਂ ਦੌਰਾਨ ਵੀ ਪ੍ਰਮੁੱਖ ਦਾਅਵੇਦਾਰ ਰਹੇ ਇਸ ਆਗੂ ਦਾ ਹਲਕੇ ਵਿਚ ਮਜ਼ਬੂਤ ਆਧਾਰ ਹੈ। ਉਨ੍ਹਾਂ ਦੀ ਇਹ ਖਾਮੋਸ਼ੀ ਕਿਸੇ ਕਮਜ਼ੋਰੀ ਦੀ ਨਿਸ਼ਾਨੀ ਨਹੀਂ, ਸਗੋਂ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ। ਉਹ ਬਿਨਾਂ ਕਿਸੇ ਵਿਵਾਦ ਦੇ ਹਲਕੇ ਦੇ ਲੋਕਾਂ ਵਿਚ ਵਿਚਰ ਰਹੇ ਹਨ। ਚਰਚਾ ਹੈ ਕਿ 2027 ਵਿਚ ਆਮ ਆਦਮੀ ਪਾਰਟੀ ਦੀ ਹਾਈਕਮਾਨ ਗੁੱਟਬਾਜ਼ੀ ਤੋਂ ਉੱਪਰ ਉੱਠ ਕੇ ਕਿਸੇ ਅਜਿਹੇ ਚਿਹਰੇ ‘ਤੇ ਦਾਅ ਖੇਡ ਸਕਦੀ ਹੈ ਜੋ ਸਭ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਹੋਵੇ। ਅਜਿਹੀ ਸਥਿਤੀ ਵਿਚ ਚੇਅਰਮੈਨ ਦਾ ਲੰਬਾ ਸਿਆਸੀ ਤਜਰਬਾ ਅਤੇ ਵਿਵਾਦਾਂ ਤੋਂ ਰਹਿਤ ਅਕਸ ਉਨ੍ਹਾਂ ਨੂੰ ਬਾਕੀ ਦਾਅਵੇਦਾਰਾਂ ਦੇ ਮੁਕਾਬਲੇ ਇੱਕ ਮਜ਼ਬੂਤ ਵਿਕਲਪ ਵਜੋਂ ਪੇਸ਼ ਕਰਦਾ ਹੈ। ਇਸ ਕਰਕੇ ਹਾਈਕਮਾਨ ਨਵੇਂ ਚਿਹਰੇ ‘ਤੇ ਵੀ ਦਾਅ ਖੇਡ ਸਕਦੀ ਹੈ। ਫਿਲਹਾਲ ਹਲਕੇ ’ਚ ਟਿਕਟ ਦੇ ਦਾਅਵੇਦਾਰਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਹਲਚਲ ਮਚਾਈ ਹੋਈ ਹੈ, ਪਰ ਇਹ ਤੈਅ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਾਰਕੀਟ ਕਮੇਟੀ ਚੇਅਰਮੈਨ ਦੀ ਭੂਮਿਕਾ ਸਭ ਤੋਂ ਅਹਿਮ ਰਹਿਣ ਵਾਲੀ ਹੈ।