ਗੁਰੂ ਸਾਹਿਬਾਨ ਦੇ ਉਪਦੇਸ਼ਾਂ ਦੀ ਦੱਸੀ ਅਹਿਮੀਅਤ
ਸ੍ਰੀ ਗੁਰੂ ਤੇਗ ਬਹਾਦੁਰ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਸਮਾਗਮ ਕਰਵਾਇਆ
Publish Date: Thu, 09 Apr 2026 10:22 PM (IST)
Updated Date: Thu, 09 Apr 2026 10:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਤੇਗ ਬਹਾਦੁਰ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਕਲਗੀਧਰ ਟਰੱਸਟ ਵੱਲੋਂ ਸੰਚਾਲਿਤ ਅਕਾਲ ਅਕੈਡਮੀ ਬਿਲਗਾ ਵਿਖੇ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਨਿਤਨੇਮ ਨਾਲ ਹੋਈ। ਵਿਦਿਆਰਥੀਆਂ ਵੱਲੋਂ ਮਿੱਠੇ ਸੁਰਾਂ ’ਚ ਸ਼ਬਦ ਗਾਇਨ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਗੁਰੂ ਸਾਹਿਬਾਨ ਦੀ ਜੀਵਨੀ, ਉਨ੍ਹਾਂ ਦੇ ਬਲਿਦਾਨ ਤੇ ਉਪਦੇਸ਼ਾਂ ਬਾਰੇ ਭਾਸ਼ਣ ਦਿੱਤੇ ਗਏ। ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਧਰਮ ਦੀ ਰੱਖਿਆ ਲਈ ਕੀਤੇ ਮਹਾਨ ਬਲੀਦਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਾਂਤੀ, ਨਿਮਰਤਾ ਤੇ ਸੇਵਾ ਦੇ ਸੰਦੇਸ਼ ਬਾਰੇ ਜਾਣਕਾਰੀ ਸਾਂਝੀ ਕੀਤੀ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਹਿੰਮਤ, ਵਿਸ਼ਵਾਸ, ਸਹਿਨਸ਼ੀਲਤਾ ਤੇ ਮਨੁੱਖਤਾ ਦੇ ਮੁੱਲਾਂ ਨੂੰ ਸਮਝਿਆ। ਅਧਿਆਪਕਾਂ ਨੇ ਵੀ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਤੇ ਵਿਦਿਆਰਥੀਆਂ ਨੂੰ ਸੱਚਾਈ ਤੇ ਨੇਕੀ ਦੇ ਰਾਹ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਅਕੈਡਮੀ ਦੇ ਪ੍ਰਿੰਸੀਪਲ ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਲਈ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਨੂੰ ਅਪਣਾਉਣ। ਉਨ੍ਹਾਂ ਨੂੰ ਸਭ ਧਰਮਾਂ ਦਾ ਆਦਰ ਕਰਨ, ਹੋਰਨਾਂ ਦੀ ਮਦਦ ਕਰਨ ਤੇ ਚੰਗੇ ਨਾਗਰਿਕ ਬਣਨ ਲਈ ਉਤਸ਼ਾਹਿਤ ਕੀਤਾ ਗਿਆ।