ਰੰਧਾਵਾ ਖੁਦਕਸ਼ੀ ਮਾਮਲਾ ਤੇ ਟਰਾਂਸਪੋਰਟ ਮੰਤਰੀ ਸਮੇਂ ਭੁੱਲਰ ਦੇ ਕਾਰਜਕਾਲ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਨੇ ਸਥਾਨਕ ਕਾਮਰੇਡ ਜਸਵੰਤ ਸਿੰਘ ਸਮਰਾ ਭਵਨ ਵਿਖੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਮੀਟਿੰਗ ਕਰਕੇ ਪਿਛਲੇ ਦਿਨੀਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਤੋਂ ਪਰੇਸ਼ਾਨ ਹੋ ਕੇ ਗਗਨਦੀਪ ਸਿੰਘ ਰੰਧਾਵਾ ਜ਼ਿਲ੍ਹਾ ਮੈਨੇਜਰ ਵੇਅਰਹਾਊਸ ਅੰਮ੍ਰਿਤਸਰ/ਤਰਨਤਾਰਨ ਵੱਲੋਂ ਖੁਦਕਸ਼ੀ ਕਰਨ ’ਤੇ ਸਮੁੱਚੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਮੁੱਚੇ ਮਾਮਲੇ ਦੀ ਸੀਬੀਆਈ ਤੇ ਹੋਰ ਕੇਂਦਰੀ ਏਜੰਸੀਆਂ ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਮੀਟਿੰਗ ਦੇ ਸ਼ੁਰੂ ’ਚ ਪਿਛਲੇ ਦਿਨੀਂ ਅਮਰੀਕਾ ਦੀ ਸ਼ਹਿ ’ਤੇ ਇਜ਼ਰਾਇਲ ਵੱਲੋਂ ਇਰਾਨੀ ਲੋਕਾਂ ’ਤੇ ਕੀਤੇ ਗਏ ਹਮਲਿਆਂ ਦੌਰਾਨ ਸਦੀਵੀ ਵਿਛੋੜਾ ਦੇਣ ਵਾਲਿਆਂ, ਗਗਨਦੀਪ ਸਿੰਘ ਰੰਧਾਵਾ ਜ਼ਿਲ੍ਹਾ ਮੈਨੇਜਰ ਤੇ ਹੋਰ ਵੱਖ-ਵੱਖ ਸ਼ਖਸੀਅਤਾਂ ਨੂੰ ਯਾਦ ਕਰਦੇ ਹੋਏ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ ਨੇ 7 ਮਾਰਚ ਨੂੰ ਟਰਾਂਸਪੋਰਟ ਮੁਲਾਜ਼ਮਾਂ ਵੱਲੋਂ ਪੱਟੀ ਵਿਖੇ ਕੀਤੀ ਗਈ ਸੂਬਾਈ ਰੈਲੀ ਤੇ 11 ਮਾਰਚ ਨੂੰ ਪੰਜਾਬ ਦੇ ਬਜਟ ਸੈਸ਼ਨ ਦੌਰਾਨ ਮੋਹਾਲੀ ’ਚ ਵੱਡੀ ਗਿਣਤੀ ’ਚ ਕੀਤੀ ਗਈ ਸ਼ਮੂਲੀਅਤ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਚੇਅਰਮੈਨ ਗੁਰਦੀਪ ਸਿੰਘ ਮੋਤੀ, ਵਰਕਿੰਗ ਚੇਅਰਮੈਨ ਅਵਤਾਰ ਸਿੰਘ ਗਗੜਾ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਭੁੰਗਰਨੀ, ਸੂਬਾਈ ਜਨਰਲ ਸਕੱਤਰ ਪ੍ਰੇਮ ਚਾਵਲਾ, ਮੁੱਖ ਜਥੇਬੰਦਕ ਸਕੱਤਰ ਅਵਤਾਰ ਸਿੰਘ ਤਾਰੀ, ਵਿੱਤ ਸਕੱਤਰ ਪ੍ਰਿਤਪਾਲ ਸਿੰਘ ਪੰਡੋਰੀ, ਪ੍ਰੈੱਸ ਸਕੱਤਰ ਕੁਲਵੰਤ ਸਿੰਘ ਚਾਨੀ ਤੇ ਬਲਰਾਜ ਸਿੰਘ ਭੰਗੂ ਅੰਮ੍ਰਿਤਸਰ ਨੇ ਪਿਛਲੇ ਸਮੇਂ ਦੌਰਾਨ ਦੌਰਾਨ ਹੋਏ ਵੱਖ-ਵੱਖ ਐਕਸ਼ਨ ਪ੍ਰੋਗਰਾਮਾਂ ਦਾ ਰੀਵਿਊ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਪੈਫਲਿਟ/ਦੁਵਰਕੀਆਂ ਛਾਪਕੇ ਵੰਡੀਆਂ ਜਾਣਗੀਆਂ।
ਇਸ ਮੀਟਿੰਗ ’ਚ ਪੈਨਸ਼ਨਰ ਆਗੂ ਸਵਰਨ ਸਿੰਘ ਹਠੂਰ, ਨਸੀਬ ਸਿੰਘ ਜੜੋਤ, ਇਕਬਾਲ ਸਿੰਘ ਪਠਾਨਕੋਟ, ਮਨਜੀਤ ਸਿੰਘ ਮਨਸੂਰਾਂ, ਬਲਵਿੰਦਰ ਸਿੰਘ ਬਟਾਲਾ, ਗੁਰਦੀਪ ਸਿੰਘ ਪਠਾਨਕੋਟ, ਅਜਮੇਰ ਸਿੰਘ ਮੋਗਾ, ਜਗਦੀਸ਼ ਸਿੰਘ ਜਗਰਾਓਂ, ਦਵਿੰਦਰ ਪਾਲ ਸਿੰਘ ਜਲੰਧਰ, ਸੰਤੋਖ ਸਿੰਘ ਜਲੰਧਰ, ਵਿਜੇ ਕੁਮਾਰ ਜਲੰਧਰ, ਸਵਰਨ ਸਿੰਘ ਤਰਨਤਾਰਨ, ਸੱਤ ਪਾਲ ਚੰਡੀਗੜ੍ਹ, ਗੁਰਮੁਖ ਸਿੰਘ ਜਲੰਧਰ, ਮੁਖਤਿਆਰ ਸਿੰਘ ਫਿਰੋਜ਼ਪੁਰ, ਹਰਬੰਸ ਸਿੰਘ ਸੈਣੀ ਰੋਪੜ, ਮੁਖਤਿਆਰ ਚੰਦ ਨੰਗਲ, ਮੋਹਨਜੀਤ ਸਿੰਘ ਗਰੇਵਾਲ, ਬੂਟਾ ਸਿੰਘ ਭੱਟੀ ਮੋਗਾ, ਜਸਵਿੰਦਰ ਸਿੰਘ ਭੰਗਲ ਨਵਾਂ ਸ਼ਹਿਰ, ਮੇਲਾ ਰਾਮ, ਬਲਵੀਰ ਸਿੰਘ ਤੇ ਹੋਰ ਹਾਜ਼ਰ ਸਨ।