ਕਾਲਾ ਮੋਤੀਆ ਚੁੱਪਚਾਪ ਚੋਰੀ ਕਰ ਲੈਂਦੈ ਨਜ਼ਰ : ਡਾ. ਪਾਲ
ਕਾਲਾ ਮੋਤੀਆ ਚੁੱਪਚਾਪ ਨਜ਼ਰ ਚੁਰਾ ਲੈਂਦਾ ਹੈ: ਡਾ. ਬਲਜੀਤ ਸਿੰਘ ਪਾਲ
Publish Date: Wed, 11 Mar 2026 07:14 PM (IST)
Updated Date: Wed, 11 Mar 2026 07:18 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਬਲਾਕ ਕਾਲਾ ਬੱਕਰਾ ਹਸਪਤਾਲ ਵਿਖੇ ਵਿਸ਼ਵ ਕਾਲਾ ਮੋਤੀਆ ਹਫ਼ਤੇ ਦੇ ਮੌਕੇ ’ਤੇ ਆਮ ਲੋਕਾਂ ਨੂੰ ਅੱਖਾਂ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕ ਕੀਤਾ ਗਿਆ। ਵਿਸ਼ਵ ਕਾਲਾ ਮੋਤੀਆ ਹਫ਼ਤਾ 9 ਤੋਂ 15 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਮੌਕੇ ਆਪਥੈਲਮਿਕ ਅਫ਼ਸਰ ਰਾਜਨ ਕੁਮਾਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਖਾਂ ਦੀ ਨਿਯਮਿਤ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਗਲੂਕੋਮਾ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ਼ੈਰ-ਸਾਧਾਰਣ ਸਿਰ ਦਰਦ ਜਾਂ ਅੱਖਾਂ ’ਚ ਦਰਦ, ਪੜ੍ਹਨ ਲਈ ਐਨਕਾਂ ਦਾ ਨੰਬਰ ਵਾਰ-ਵਾਰ ਬਦਲਣਾ, ਪ੍ਰਕਾਸ਼ ਦੇ ਆਲੇ-ਦੁਆਲੇ ਰੰਗਦਾਰ ਚੱਕਰ ਦਿਸਣਾ, ਅੱਖਾਂ ’ਚ ਦਰਦ ਤੇ ਲਾਲੀ ਦੇ ਨਾਲ ਅਚਾਨਕ ਨਜ਼ਰ ਦਾ ਕਮਜ਼ੋਰ ਹੋਣਾ ਤੇ ਦ੍ਰਿਸ਼ਟੀ ਦੇ ਖੇਤਰ ਦਾ ਸੀਮਿਤ ਹੋਣਾ ਆਦਿ ਇਸ ਬਿਮਾਰੀ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਅੱਖਾਂ ਦਾ ਦਬਾਅ ਚੈੱਕ ਕਰਵਾਉਣਾ ਚਾਹੀਦਾ ਹੈ, ਕਿਉਂਕਿ ਥੋੜੀ ਜਿਹੀ ਦੇਰੀ ਵੀ ਮਰੀਜ਼ ਦੀ ਨਜ਼ਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ’ਚ ਕਿਸੇ ਨੂੰ ਪਹਿਲਾਂ ਤੋਂ ਇਹ ਬਿਮਾਰੀ ਹੋਣਾ, ਸ਼ੂਗਰ ਜਾਂ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੇ ਸਟੀਰਾਇਡ ਦਵਾਈਆਂ ਦੀ ਬੇਲੋੜੀ ਵਰਤੋਂ ਇਸ ਰੋਗ ਦੇ ਮੁੱਖ ਕਾਰਨ ਹੋ ਸਕਦੇ ਹਨ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਜੀਤ ਸਿੰਘ ਪਾਲ ਨੇ ਕਿਹਾ ਕਿ ਅੱਖਾਂ ਦੀ ਸਫ਼ਾਈ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਅੱਖਾਂ ਨੂੰ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ ਤੇ ਨੁਕੀਲੀਆਂ ਵਸਤਾਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਬਿਮਾਰੀ ਦੀ ਜਲਦੀ ਪਛਾਣ ਤੇ ਸਮੇਂ ਸਿਰ ਇਲਾਜ ਨਾਲ ਕਾਫ਼ੀ ਹੱਦ ਤੱਕ ਨਜ਼ਰ ਨੂੰ ਬਚਾਇਆ ਜਾ ਸਕਦਾ ਹੈ। ਜ਼ਿਆਦਾਤਰ ਮਾਮਲਿਆਂ ’ਚ ਨਿਯਮਿਤ ਜਾਂਚ ਕਰਵਾ ਕੇ ਇਸ ਬਿਮਾਰੀ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਜਾਗਰੂਕਤਾ ਕੈਂਪ ਦੌਰਾਨ ਬਲਾਕ ਐਕਸਟੈਨਸ਼ਨ ਐਜੂਕੇਟਰ ਮਾਨਵ ਸ਼ਰਮਾ, ਹੈਲਥ ਸੁਪਰਵਾਈਜ਼ਰ ਅਜੀਤ ਸਿੰਘ, ਅਜੈ ਕੁਮਾਰ ਤੇ ਹੋਰ ਸਟਾਫ਼ ਮੈਂਬਰਾਂ ਸਮੇਤ ਕਈ ਆਮ ਲੋਕ ਵੀ ਮੌਜੂਦ ਸਨ।