‘ਆਪ੍ਰੇਸ਼ਨ ਪ੍ਰਹਾਰ’ ਤੇ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਕਾਸੋ ਕਾਰਵਾਈ
“ਓਪਰੇਸ਼ਨ ਪ੍ਰਹਾਰ 2.0” ਤੇ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਕਾਸੋ ਕਾਰਵਾਈ
Publish Date: Tue, 10 Feb 2026 06:43 PM (IST)
Updated Date: Tue, 10 Feb 2026 06:44 PM (IST)
-ਗੈਂਗਸਟਰਾਂ ਤੇ ਨਸ਼ਾ ਸੰਬੰਧੀ ਗਤੀਵਿਧੀਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਗੈਂਗਸਟਰਾਂ, ਨਸ਼ਾ ਤਸਕਰਾਂ, ਗੈਰਕਾਨੂੰਨੀ ਹਥਿਆਰਾਂ ਤੇ ਹੋਰ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਕੇਂਦ੍ਰਿਤ ਮੁਹਿੰਮ ਤਹਿਤ “ਆਪ੍ਰੇਸ਼ਨ ਪ੍ਰਹਾਰ 2.0” ਤੇ “ਯੁੱਧ ਨਸ਼ਿਆਂ ਵਿਰੁੱਧ” ਅਧੀਨ ਵਿਸ਼ੇਸ਼ ਕੋਰਡਨ ਐਂਡ ਸਰਚ ਆਪ੍ਰੇਸ਼ਨ ਕੀਤਾ ਗਿਆ। ਇਹ ਕਾਰਵਾਈ ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ ਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਸਿੱਧੀ ਨਿਗਰਾਨੀ ਹੇਠ ਅਮਲ ’ਚ ਲਿਆਂਦੀ ਗਈ। ਇਸ ਦੌਰਾਨ ਗਜ਼ਟਿਡ ਅਫ਼ਸਰਾਂ, ਐੱਸਐੱਚਓਜ਼, ਪੁਲਿਸ ਅਧਿਕਾਰੀਆਂ ਤੇ ਵਿਸ਼ੇਸ਼ ਟੀਮਾਂ ਸਮੇਤ ਸੀਨੀਅਰ ਅਧਿਕਾਰੀਆਂ ਨੇ ਸਰਗਰਮ ਭੂਮਿਕਾ ਨਿਭਾਈ। ਇਸ ਆਪ੍ਰੇਸ਼ਨ ਦਾ ਮੁੱਖ ਉਦੇਸ਼ ਸੰਗਠਿਤ ਅਪਰਾਧ, ਨਸ਼ਾ ਤਸਕਰੀ ਤੇ ਗੈਰਕਾਨੂੰਨੀ ਹਥਿਆਰਾਂ ਦੇ ਫੈਲਾਅ ’ਤੇ ਰੋਕ ਲਗਾਉਣਾ ਤੇ ਸ਼ਹਿਰ ’ਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਸੀ। ਕਾਰਵਾਈ ਦੌਰਾਨ ਵੱਖ-ਵੱਖ ਇਲਾਕਿਆਂ ’ਚ ਕੁੱਲ 51 ਛਾਪੇ ਮਾਰੇ ਗਏ। ਪੁਲਿਸ ਵੱਲੋਂ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦਕਿ 9 ਵਿਅਕਤੀਆਂ ਨੂੰ ਰੋਕਥਾਮੀ ਕਾਰਵਾਈ ਅਧੀਨ ਹਿਰਾਸਤ ’ਚ ਲਿਆ ਗਿਆ। ਇਸ ਤੋਂ ਇਲਾਵਾ 16 ਵਿਅਕਤੀਆਂ ਦੀ ਪੁੱਛਗਿੱਛ ਤਸਦੀਕ ਕੀਤੀ ਗਈ ਤੇ 177 ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ। ਪੁਲਿਸ ਟੀਮਾਂ ਵੱਲੋਂ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ’ਤੇ ਦੋ ਤਲਾਸ਼ੀ ਮੁਹਿੰਮਾਂ ਚਲਾਈਆਂ ਗਈਆਂ, ਨਾਲ ਹੀ ਰਣਨੀਤਿਕ ਥਾਵਾਂ ’ਤੇ 9 ਨਾਕਾਬੰਦੀਆਂ ਲਗਾਈਆਂ ਗਈਆਂ। ਇਸ ਦੌਰਾਨ 349 ਵਾਹਨਾਂ ਦੀ ਜਾਂਚ ਕੀਤੀ ਗਈ ਤੇ 25 ਚਲਾਨ ਜਾਰੀ ਕੀਤੇ ਗਏ। ਕਾਰਵਾਈ ਦੌਰਾਨ 2 ਵਿਅਕਤੀਆਂ ਨੂੰ ਘੇਰ ਕੇ ਕਾਬੂ ਕੀਤਾ ਗਿਆ। ਐੱਨਡੀਪੀਐੱਸ ਐਕਟ ਤਹਿਤ 24.50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਦੋ ਮੋਟਰਸਾਈਕਲਾਂ ਤੇ ਹੋਰ ਸਾਮਾਨ ਵੀ ਜ਼ਬਤ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਮੁਹਿੰਮਾਂ ਨਾਲ ਜਨਤਾ ’ਚ ਭਰੋਸਾ ਵਧਦਾ ਹੈ ਤੇ ਸੰਵੇਦਨਸ਼ੀਲ ਇਲਾਕਿਆਂ ’ਚ ਪੁਲਿਸ ਦੀ ਮੌਜੂਦਗੀ ਮਜ਼ਬੂਤ ਹੁੰਦੀ ਹੈ।