ਘਰੋਂ ’ਚੋਂ ਸੋਨਾ ਤੇ ਨਕਦੀ ਚੋਰੀ
ਧਾਰਮਿਕ ਯਾਤਰਾ ਤੇ ਗਏ ਪਰਿਵਾਰ ਦੇ ਘਰੋਂ ਨਗਦੀ ਤੇ ਗਹਿਣੇ ਚੋਰੀ
Publish Date: Wed, 25 Feb 2026 10:11 PM (IST)
Updated Date: Wed, 25 Feb 2026 10:13 PM (IST)

ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ : ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਤਾਜਪੁਰ ’ਚ ਇਕ ਇਕ ਘਰ ਨੂੰ ਨਿਸ਼ਾਨਾ ਬਣਾ ਚੋਰੀ ਨੂੰ ਅੰਜਾਮ ਦੇ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਪੀੜਤ ਅਸ਼ਵਨੀ ਕੁਮਾਰ ਬਾਸੀ ਪਿੰਡ ਤਾਜਪੁਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਐਤਵਾਰ ਨੂੰ ਉਹ ਪੂਰੇ ਪਰਿਵਾਰ ਸਮੇਤ ਧਾਰਮਿਕ ਸਥਾਨ ਦੀ ਯਾਤਰਾ ਕਰਨ ਲਈ ਰਾਜਸਥਾਨ ਗਏ ਸਨ ਤੇ ਜਦੋਂ ਬੀਤੀ ਰਾਤ ਮੰਗਲਵਾਰ 10 ਵਜੇ ਦੇ ਕਰੀਬ ਘਰ ਪਰਤੇ ਤਾਂ ਦੇਖਿਆ ਕਿ ਘਰ ਦੀਆਂ ਸਾਰੀਆਂ ਲਾਈਟਾਂ ਜਗਦੀਆਂ ਸਨ ਤੇ ਘਰ ਦੇ ਬਾਹਰਲੇ ਗੇਟ ਦਾ ਤਾਲਾ ਲੱਗਾ ਹੋਇਆ ਸੀ ਤੇ ਜਦੋਂ ਤਾਲਾ ਖੋਲ੍ਹ ਕੇ ਅੰਦਰ ਜਾ ਕੇ ਦੇਖਿਆ ਗਿਆ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਤੇ ਅਲਮਾਰੀਆਂ ਤੇ ਪੇਟੀਆਂ ਦੇ ਤਾਲੇ ਟੁੱਟੇ ਹੋਏ ਸਨ। ਉਨ੍ਹਾਂ ਦੱਸਿਆ ਘਰ ’ਚੋਂ 3 ਤੋਲੇ ਦੇ ਕਰੀਬ ਸੋਨਾ, 30 ਹਜ਼ਾਰ ਰੁਪਏ ਨਕਦੀ ਤੇ ਪੰਜ ਬੋਤਲਾ ਮਹਿੰਗੀ ਵਿਦੇਸ਼ੀ ਸ਼ਰਾਬ ਵੀ ਚੋਰ ਚੋਰੀ ਕਰਕੇ ਫ਼ਰਾਰ ਹੋ ਗਏ। ਪੀੜਤ ਤੇ ਪਿੰਡ ਵਾਸੀਆਂ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਹ ਅਪੀਲ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਲੋਕ ਚੈਨ ਦੀ ਨੀਂਦ ਸੌ ਸਕਣ। ਪੀੜਤ ਵੱਲੋਂ ਇਸ ਦੀ ਸੂਚਨਾ 112 ਰਾਹੀਂ ਲਾਂਬੜਾ ਪੁਲਿਸ ਨੂੰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਥਾਣਾ ਲਾਂਬੜਾ ਮੁਖੀ ਐੱਸਆਈ ਗੁਰਮੀਤ ਰਾਮ ਨੇ ਦੱਸਿਆ ਕਿ ਪੁਲਿਸ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਆਸ-ਪਾਸ ਲੱਗੇ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।