ਨਬਾਲਿਗਾ ਨੂੰ ਵਰਗਲਾ ਕੇ ਲਿਜਾਣ ਵਾਲੇ ਅਣਪਛਾਤੇ ’ਤੇ ਮਾਮਲਾ ਦਰਜ
ਨਬਾਲਗਾਂ ਨੂੰ ਵਰਗਲਾ ਕੇ ਲਿਜਾਣ ਵਾਲੇ ਅਣਪਛਾਤੇ ’ਤੇ ਮਾਮਲਾ ਦਰਜ
Publish Date: Thu, 15 Jan 2026 07:00 PM (IST)
Updated Date: Fri, 16 Jan 2026 04:10 AM (IST)

ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਨਿਊ ਰਾਜਾ ਗਾਰਡਨ ਇਲਾਕੇ ’ਚ ਰਹਿਣ ਵਾਲੀ ਇਕ ਨਬਾਲਿਗਾ ਨੂੰ ਵਰਗਲਾ ਕੇ ਲਿਜਾਉਣ ਦੇ ਦੋਸ਼ ’ਚ ਇਕ ਅਣਪਛਾਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਨਿਊ ਰਾਜਾ ਗਾਰਡਨ ਵਾਸੀ ਇਕ ਵਿਅਕਤੀ ਨੇ ਦੱਸਿਆ ਕਿ ਉਸ ਦੀ 17 ਸਾਲ ਦੀ ਧੀ ਬੀਤੇ ਦਿਨੀਂ ਆਪਣੇ ਘਰੋਂ ਕੋਈ ਸਾਮਾਨ ਲੈਣ ਲਈ ਗਈ ਸੀ। ਪਰ ਸ਼ਾਮ ਤੱਕ ਉਹ ਘਰ ਵਾਪਸ ਨਹੀਂ ਪਰਤੀ, ਜਿਸ ਤੋਂ ਬਾਅਦ ਉਸ ਨੇ ਆਪਣੀ ਧੀ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਸ ’ਚ ਉਹ ਕਾਮਯਾਬ ਨਹੀਂ ਹੋਇਆ। ਉਸ ਨੇ ਆਪਣੀ ਧੀ ਦੀਆਂ ਸਹੇਲੀਆਂ ਦੇ ਘਰ ਵੀ ਫੋਨ ਕੀਤੇ ਤੇ ਖੁਦ ਜਾ ਕੇ ਵੀ ਪੁੱਛਿਆ ਪਰ ਉਹ ਕਿਸੇ ਵੀ ਸਹੇਲੀ ਦੇ ਘਰ ਨਹੀਂ ਮਿਲੀ। ਉਸਨੇ ਸ਼ੱਕ ਕੀਤਾ ਹੈ ਕੀ ਲੱਗਦਾ ਹੈ ਕਿ ਉਸਦੀ ਧੀ ਨੂੰ ਕੋਈ ਨੌਜਵਾਨ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਪੁਲਿਸ ਨੇ ਉਕਤ ਵਿਅਕਤੀ ਦੇ ਬਿਆਨਾਂ ’ਤੇ ਅਣਪਛਾਤੇ ਨੌਜਵਾਨ ਖਿਲਾਫ ਧਾਰਾ 137(2) 87 ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤਫਤੀਸ਼ੀ ਅਫਸਰ ਏਐੱਸਆਈ ਟਹਿਲ ਦਾਸ ਨੇ ਦੱਸਿਆ ਕਿ ਉਨ੍ਹਾਂ ਨੇ ਗੁੰਮ ਹੋਈ ਲੜਕੀ ਦੀ ਭਾਲ ਲਈ ਆਲੇ ਦੁਆਲੇ ਦੇ ਇਲਾਕਿਆਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਉਮੀਦ ਹੈ ਕਿ ਜਲਦ ਹੀ ਉਸ ਨੂੰ ਲੱਭ ਲਿਆ ਜਾਵੇਗਾ।