ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ, ਮਾਮਲਾ ਦਰਜ
ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲਿਆਂ ’ਤੇ ਮਾਮਲਾ ਦਰਜ
Publish Date: Wed, 04 Feb 2026 07:52 PM (IST)
Updated Date: Thu, 05 Feb 2026 04:11 AM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਾਰਾਦਰੀ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਜਾਲੀ ਟਰੈਵਲ ਏਜੰਟਾਂ ਦੇ ਖਿਲਾਫ ਠੱਗੀ ਦਾ ਮਾਮਲਾ ਦਰਜ ਕਰ ਕੇ ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਬੋਬੀ ਗਿਰੀ ਵਾਸੀ ਸੰਤੋਖਪੁਰਾ ਨੇ ਦੱਸਿਆ ਕਿ ਉਸਨੇ ਸੋਸ਼ਲ ਮੀਡੀਆ ’ਤੇ ਵਾਸਲ ਟਾਵਰ ’ਚ ਸਥਿਤ ਇਕ ਟਰੈਵਲ ਏਜੰਟ ਦਾ ਇਸ਼ਤਿਹਾਰ ਦੇਖਿਆ ਤੇ ਉਨਾਂ ਦੇ ਦਫਤਰ ’ਚ ਜਾ ਕੇ ਉਨ੍ਹਾਂ ਨਾਲ ਕੈਨੇਡਾ ਜਾਣ ਦੀ ਗੱਲਬਾਤ ਕੀਤੀ। ਦਫਤਰ ’ਚ ਮੌਜੂਦ ਗੌਰਵ ਵਾਸੀ ਸੰਤੋਖਪੁਰਾ, ਸੁਰਿੰਦਰ ਕੁਮਾਰ ਤੇ ਹਰਵਿੰਦਰ ਕੁਮਾਰ ਦੋਵੇਂ ਵਾਸੀ ਗਾਖਲਾ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਦੋ ਮਹੀਨਿਆਂ ’ਚ ਉਸ ਨੂੰ ਕੈਨੇਡਾ ਦਾ ਵੀਜ਼ਾ ਲਗਵਾ ਕੇ ਭੇਜ ਦੇਣਗੇ। ਇਸ ਲਈ ਉਹ ਉਸ ਕੋਲੋਂ 10 ਲੱਖ ਰੁਪਏ ਲੈਣਗੇ। ਉਸ ਨੇ ਉਨ੍ਹਾਂ ਦੀਆਂ ਗੱਲਾਂ ’ਚ ਆ ਕੇ ਪਾਸਪੋਰਟ ਤੇ 10 ਲੱਖ ਰੁਪਏ ਜਮਾਂ ਕਰਵਾ ਦਿੱਤੇ। ਜਦ ਦੋ ਮਹੀਨੇ ਬੀਤਣ ਦੇ ਬਾਵਜੂਦ ਵੀ ਉਸਦਾ ਵੀਜ਼ਾ ਨਾ ਲੱਗਿਆ ਤਾਂ ਉਸਨੇ ਉਨ੍ਹਾਂ ਨੂੰ ਜਾ ਕੇ ਵੀਜ਼ਾ ਨਾ ਲੱਗਣ ਦਾ ਕਾਰਨ ਪੁੱਛਿਆ, ਜਿਸ ’ਤੇ ਉਨ੍ਹਾਂ ਨੇ ਦੱਸਿਆ ਕਿ ਅੰਬੈਸੀ ’ਚ ਇਸ ਵੇਲੇ ਸਖਤੀ ਚੱਲ ਰਹੀ ਹੈ ਤੇ ਜਲਦ ਹੀ ਉਸਦਾ ਵੀਜ਼ਾ ਆ ਜਾਵੇਗਾ। ਇਸ ਤਰ੍ਹਾਂ ਕਹਿੰਦੇ ਕਹਿੰਦੇ ਕਾਫੀ ਸਮਾਂ ਬੀਤ ਗਿਆ ਪਰ ਉਸਦਾ ਵੀਜ਼ਾ ਨਹੀਂ ਲੱਗਿਆ। ਜਦ ਉਸਨੇ ਉਨ੍ਹਾਂ ਕੋਲੋਂ ਆਪਣੇ ਦਿੱਤੇ ਹੋਏ ਪੈਸੇ ਤੇ ਪਾਸਪੋਰਟ ਵਾਪਸ ਮੰਗਿਆ ਤਾਂ ਉਹ ਟਾਲ-ਮਟੋਲ ਕਰਨ ਲੱਗੇ। ਇਸ ਤੋਂ ਬਾਅਦ ਤਾਂ ਉਨ੍ਹਾਂ ਨੇ ਉਸਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਥਾਣਾ ਬਾਰਾਂਦਰੀ ਦੀ ਪੁਲਿਸ ਨੂੰ ਦਿੱਤੀ ਗਈ, ਜਿਸ ਦੀ ਜਾਂਚ ਸਬ ਇੰਸਪੈਕਟਰ ਅੰਜੂ ਬਾਲਾ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਪੁਲਿਸ ਨੇ ਤਿੰਨਾਂ ਖਿਲਾਫ ਠੱਗੀ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਭਾਲ ’ਚ ਛਾਪਾਮਰੀ ਕਰ ਨੀ ਸ਼ੁਰੂ ਕਰ ਦਿੱਤੀ ਹੈ।