ਠੱਗੀ ਮਾਰਨ ਵਾਲੇ ਮੈਨੇਜਰ ਤੇ ਅਕਾਊਂਟੈਂਟ ਖਿਲਾਫ ਮਾਮਲਾ ਦਰਜ
ਲੱਖਾਂ ਦੀ ਠੱਗੀ ਮਾਰਨ ਵਾਲੇ ਮੈਨੇਜਰ ਤੇ ਅਕਾਊਂਟੈਂਟ ਦੇ ਖਿਲਾਫ ਮਾਮਲਾ ਦਰਜ
Publish Date: Thu, 08 Jan 2026 06:30 PM (IST)
Updated Date: Thu, 08 Jan 2026 06:33 PM (IST)

-ਕਰਮਚਾਰੀਆਂ ਦੇ ਬੋਨਸ ਤੇ ਤਨਖਾਹ ਕਰਵਾਉਂਦੇ ਸਨ ਵੱਖ-ਵੱਖ ਖਾਤਿਆਂ ’ਚ ਟਰਾਂਸਫਰ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਲੈਦਰ ਕੰਪਲੈਕਸ ’ਚ ਸਥਿਤ ਇਕ ਫੈਕਟਰੀ ਦੇ ਕਰਮਚਾਰੀਆਂ ਦੇ ਬੋਨਸ ਤੇ ਤਨਖਾਹਾਂ ਨੂੰ ਵੱਖ-ਵੱਖ ਬੈਂਕਾਂ ਦੇ ਖਾਤਿਆਂ ’ਚ ਟ੍ਰਾਂਸਫਰ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਫੈਕਟਰੀ ਦੇ ਮੈਨੇਜਰ ਤੇ ਅਕਾਊਂਟਟ ਖਿਲਾਫ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸ਼ੂਜ ਵੇਰੀਐਟ ਪ੍ਰਾਈਵੇਟ ਲਿਮਟਿਡ ਲੈਦਰ ਕੰਪਲੈਕਸ ਦੇ ਮਾਲਕ ਪੁਸ਼ਪ ਰਾਜ ਨੇ ਦੱਸਿਆ ਕਿ ਉਨ੍ਹਾਂ ਦੇ ਕਰਮਚਾਰੀਆਂ ਨੇ ਉਸ ਨੂੰ ਦੱਸਿਆ ਸੀ ਕਿ ਪਿਛਲੇ ਕਈ ਸਾਲਾਂ ਤੋਂ ਨਾ ਤਾਂ ਉਨ੍ਹਾਂ ਨੂੰ ਬੋਨਸ ਮਿਲਿਆ ਹੈ ਤੇ ਨਾ ਹੀ ਉਨ੍ਹਾਂ ਦੀ ਤਨਖਾਹ ਮਿਲ ਰਹੀ ਹੈ। ਜਦੋਂ ਉਨ੍ਹਾਂ ਨੇ 2022 ਤੋਂ ਆਪਣੇ ਅਕਾਊਂਟ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਸਾਲ ਤੋਂ ਉਨ੍ਹਾਂ ਦੇ ਮੈਨੇਜਰ ਕਿਰਪਾਲ ਸਿੰਘ ਵਾਸੀ ਫਿਲੌਰ ਤੇ ਸ੍ਰੀ ਨਾਥ ਅਕਾਊਂਟੈਂਟ ਵਾਸੀ ਬਸਤੀ ਪੀਰ ਦਾਦ ਨੇ 16 ਵੱਖ-ਵੱਖ ਬੈਂਕ ਖਾਤਿਆਂ ’ਚ ਉਨ੍ਹਾਂ ਦੀ ਕੰਪਨੀ ਦਾ 70 ਲੱਖ 78 ਹਜ਼ਾਰ 778 ਰੁਪਏ ਟਰਾਂਸਫਰ ਕਰਕੇ ਧੋਖਾਧੜੀ ਕੀਤੀ ਹੈ। ਉਨ੍ਹਾਂ ਵੱਲੋਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਏਐੱਸਆਈ ਪਲਵਿੰਦਰ ਸਿੰਘ ਨੇ ਮੈਨੇਜਰ ਕਿਰਪਾਲ ਸਿੰਘ ਤੇ ਅਕਾਊਂਟੈਂਟ ਸ੍ਰੀ ਨਾਥ ਸਹੋਤਾ ਖਿਲਾਫ ਧਾਰਾ 316(4) 318(4) 61(2) ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।