ਜੀਐੱਸਟੀ ਟੀਮ ਨਾਲ ਬਦਸਲੂਕੀ ਦੇ ਮਾਮਲੇ ’ਚ 10 ਜਣਿਆਂ ’ਤੇ ਪਰਚਾ
ਜੀਐੱਸਟੀ ਟੀਮ ਨੂੰ ਕਥਿਤ ਤੌਰ 'ਤੇ ਬੰਧਕ ਬਣਾਉਣ ਦੇ ਦੋਸ਼ ’ਚ ਮੇਜਰ ਸਿੰਘ ਤੇ ਨੌਂ ਹੋਰਾਂ ਵਿਰੁੱਧ ਕੇਸ ਦਰਜ
Publish Date: Thu, 26 Feb 2026 09:00 PM (IST)
Updated Date: Thu, 26 Feb 2026 09:04 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੀਪੀਆਰ ਮਾਰਕੀਟ ’ਚ ਇਕ ਜੀਐੱਸਟੀ ਟੀਮ ਨੂੰ ਕਥਿਤ ਤੌਰ ਤੇ ਬੰਧਕ ਬਣਾਉਣ ਦੇ ਮਾਮਲੇ ’ਚ ਕਮਿਸ਼ਨਰੇਟ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ ਤੇ ਐੱਫਆਈਆਰ ਦਰਜ ਕੀਤੀ ਹੈ। ਇਹ ਸ਼ਿਕਾਇਤ ਵਧੀਕ ਕਮਿਸ਼ਨਰ ਪ੍ਰਸ਼ਾਂਤ ਕੁਮਾਰ ਵੱਲੋਂ ਦਰਜ ਕੀਤੀ ਗਈ ਸੀ। ਜਾਣਕਾਰੀ ਅਨੁਸਾਰ 16 ਫਰਵਰੀ ਨੂੰ ਇਕ ਜੀਐੱਸਟੀ ਟੀਮ ਪੀਪੀਆਰ ਮਾਰਕੀਟ ’ਚ ਇਕ ਰੀਅਲ ਅਸਟੇਟ ਦਫਤਰ ’ਚ ਤਲਾਸ਼ੀ ਮੁਹਿੰਮ ਲਈ ਪਹੁੰਚੀ। ਦੋਸ਼ ਹੈ ਕਿ ਤਲਾਸ਼ੀ ਦੌਰਾਨ ਟੀਮ ਦੇ ਕੰਮ ’ਚ ਰੁਕਾਵਟ ਪਾਈ ਗਈ ਅਤੇ ਉਨ੍ਹਾਂ ਨੂੰ ਲਗਭਗ ਦੋ ਤੋਂ ਤਿੰਨ ਘੰਟੇ ਦਫਤਰ ਦੇ ਅੰਦਰ ਰੱਖਿਆ ਗਿਆ। ਬਾਅਦ ’ਚ ਪੁਲਿਸ ਦਖਲਅੰਦਾਜ਼ੀ ਤੋਂ ਬਾਅਦ ਅਧਿਕਾਰੀਆਂ ਨੂੰ ਬਾਹਰ ਕੱਢਿਆ ਗਿਆ। ਪੁਲਿਸ ਨੇ ਸਾਬਕਾ ਕੌਂਸਲਰ ਇੰਦਰਜੋਤ ਸਿੰਘ ਦੇ ਪਤੀ ਮੇਜਰ ਸਿੰਘ, ਪ੍ਰਭਜੋਤ ਸਿੰਘ, ਤਰੁਣ ਸ਼ਰਮਾ ਤੇ ਪੰਜ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਤਲਾਸ਼ੀ ਦੌਰਾਨ ਮੁਲਜ਼ਮਾਂ ਨੇ ਸਰਕਾਰੀ ਕੰਮ ’ਚ ਦਖਲ ਦਿੱਤਾ, ਟੀਮ ਨਾਲ ਦੁਰਵਿਵਹਾਰ ਕੀਤਾ ਤੇ ਉਨ੍ਹਾਂ ਨੂੰ ਸੁਤੰਤਰ ਤੌਰ ਤੇ ਆਪਣਾ ਕੰਮ ਕਰਨ ਤੋਂ ਰੋਕਿਆ। ਦੱਸਿਆ ਗਿਆ ਹੈ ਕਿ ਕਾਰਵਾਈ ਦੌਰਾਨ, ਟੀਮ ਨੇ ਘਟਨਾ ਸਥਾਨ ਤੋਂ ਇਕ ਡੀਵੀਆਰ ਵੀ ਜ਼ਬਤ ਕੀਤਾ। ਡੀਵੀਆਰ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ ਤੇ 48 ਘੰਟਿਆਂ ਦੇ ਅੰਦਰ ਪੁਲਿਸ ਨੂੰ ਇਕ ਕਾਪੀ ਪ੍ਰਦਾਨ ਕੀਤੀ ਜਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।