ਸਰਕਾਰੀ ਕਣਕ ਦੀ ਦੁਰਵਰਤੋਂ ਕਰਨ ’ਤੇ ਮਾਮਲਾ ਦਰਜ
ਸਰਕਾਰੀ ਕਣਕ ਦੀ ਦੁਰਵਰਤੋਂ ਕਰਨ ਤੇ ਜੇਐੱਸ ਫਾਰਮਜ਼ ਦੇ ਮਾਲਕ ਵਿਰੁੱਧ ਕੇਸ ਦਰਜ
Publish Date: Sat, 28 Feb 2026 10:22 PM (IST)
Updated Date: Sat, 28 Feb 2026 10:25 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਖੁਰਾਕ ਸਪਲਾਈ ਵਿਭਾਗ ਦੀ ਸ਼ਿਕਾਇਤ ਦੇ ਆਧਾਰ ਤੇ ਥਾਣਾ ਮਕਸੂਦਾਂ ਦੀ ਪੁਲਿਸ ਨੇ ਜੇਐੱਸ ਫਾਰਮਜ਼ ਦੇ ਮਾਲਕ ਉਪਕਾਰ ਸਿੰਘ ਜੋਤੀ ਵਿਰੁੱਧ ਕੇਸ ਦਰਜ ਕੀਤਾ ਹੈ। ਉਸ ’ਤੇ ਸਰਕਾਰੀ ਕਣਕ ਦੀ ਦੁਰਵਰਤੋਂ ਕਰਨ ’ਤੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਫਰਜ਼ ਨਿਭਾਉਣ ਤੋਂ ਰੋਕਣ ਦਾ ਦੋਸ਼ ਹੈ। ਰਿਪੋਰਟਾਂ ਅਨੁਸਾਰ ਗੁਦਾਮ ’ਚ 24,836 ਕੁਇੰਟਲ ਸਰਕਾਰੀ ਕਣਕ (49,672 ਬੋਰੀਆਂ) ਸਟੋਰ ਕੀਤੀ ਗਈ ਸੀ। ਨਿਯਮਾਂ ਅਨੁਸਾਰ ਇਹ ਕਣਕ ਇਕ ਢੱਕੇ ਹੋਏ ਗੁਦਾਮ ’ਚ ਸਟੋਰ ਕੀਤੀ ਜਾਣੀ ਚਾਹੀਦੀ ਸੀ। 19 ਜੁਲਾਈ, 2025 ਨੂੰ ਐੱਫਸੀਆਈ ਟੀਮ ਨੇ ਗੁਦਾਮ ਦਾ ਨਿਰੀਖਣ ਕੀਤਾ ਤੇ ਖੁੱਲ੍ਹੇ ’ਚ ਸਟੋਰ ਕੀਤੀ ਕਣਕ ਪਾਈ ਗਈ ਸੀ। ਨਿਰੀਖਣ ਦੌਰਾਨ ਵਿਭਾਗ ਦੇ ਇੰਸਪੈਕਟਰ ਨੇ ਮਾਲਕ ਨੂੰ ਇਕ ਨਵੇਂ ਢੱਕੇ ਹੋਏ ਸਮਝੌਤੇ ’ਤੇ ਦਸਤਖਤ ਕਰਨ ਲਈ ਕਿਹਾ ਗਿਆ ਸੀ। ਇਸ ਕਾਰਨ ਵਿਵਾਦ ਪੈਦਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਕਥਿਤ ਤੌਰ ’ਤੇ ਮਾਲਕ ਨੇ ਅਧਿਕਾਰੀਆਂ ਤੋਂ ਸਮਝੌਤੇ ਵਾਲੇ ਕਾਗਜ਼ਾਤ ਖੋਹ ਲਏ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਟਰੱਕਾਂ ਤੇ ਅਧਿਕਾਰੀਆਂ ਨੂੰ ਵੀ ਰੋਕਿਆ ਗਿਆ। 14 ਫਰਵਰੀ ਨੂੰ, ਸਰਕਾਰੀ ਗਾਰਡਾਂ ਨੂੰ ਗੁਦਾਮ ’ਚ ਦਾਖਲ ਹੋਣ ਤੋਂ ਰੋਕਿਆ ਗਿਆ। 16 ਫਰਵਰੀ ਨੂੰ ਕਣਕ ਕੱਢਣ ਲਈ ਭੇਜੇ ਗਏ ਟਰੱਕਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮੌਕੇ ’ਤੇ ਪੁੱਜੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਸੀ। ਪੁਲਿਸ ਅਨੁਸਾਰ ਜੇਐੱਸ ਫਾਰਮਜ਼ ਹਾਊਸ ਦਾ ਮਾਲਕ ਉਪਕਾਰ ਸਿੰਘ ਜੋਤੀ ਸਰਕਾਰੀ ਕਣਕ ਹੜੱਪਣਾ ਚਾਹੁੰਦਾ ਸੀ। ਇਸ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।