ਸਾਬਕਾ ਕੌਂਸਲਰ ਸਮੇਤ ਚਾਰ ਖ਼ਿਲਾਫ਼ ਪਰਚਾ ਦਰਜ
ਜਾਸ, ਜਲੰਧਰ : ਰਾਮਾ
Publish Date: Thu, 12 Feb 2026 09:44 PM (IST)
Updated Date: Thu, 12 Feb 2026 09:47 PM (IST)
ਜਾਸ, ਜਲੰਧਰ : ਰਾਮਾ ਮੰਡੀ ਨੇੜੇ ਨੰਗਲਸ਼ਾਮਾ ਇਲਾਕੇ ’ਚ ਮ੍ਰਿਤ ਜਮਨਾ ਦਾਸ ਨੂੰ ਕਾਗਜ਼ਾਂ ’ਚ ਜਿਊਂਦਾ ਦਿਖਾ ਕੇ ਉਸ ਦੀ 17 ਮਰਲੇ ਦੀ ਜ਼ਮੀਨ ਦੀ ਰਜਿਸਟਰੀ ਕਰਨ ਦੇ ਦੋਸ਼ ’ਚ ਥਾਣਾ ਬਾਰਾਦਰੀ ਦੀ ਪੁਲਿਸ ਨੇ ਕਾਂਗਰਸ ਦੇ ਸਾਬਕਾ ਕੌਂਸਲਰ ਮਨਦੀਪ ਕੁਮਾਰ ਜੱਸਲ ਸਮੇਤ ਚਾਰ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਕਰਨ ਦੇ ਦੋਸ਼ ’ਚ ਪਰਚਾ ਦਰਜ ਕੀਤਾ ਹੈ। ਮੁਲਜ਼ਮਾਂ ’ਚ ਬਸੰਤ ਵਿਹਾਰ ਦੇ ਨਿਵਾਸੀ ਫਰਜ਼ੀ ਜਮਨਾ ਦਾਸ, ਪਿੰਡ ਸਮਰਾਏ ਦੇ ਹਰਜਿੰਦਰ ਕੁਮਾਰ ਤੇ ਭੋਗਪੁਰ ਦੇ ਗੁਰਿੰਦਰ ਸਿੰਘ ਦਾ ਨਾਮ ਸ਼ਾਮਲ ਹੈ। ਉਨ੍ਹਾਂ ਨੇ ਮ੍ਰਿਤਕ ਜਮਨਾ ਦਾਸ ਦਾ ਫਰਜ਼ੀ ਆਧਾਰ ਕਾਰਡ ਬਣਾ ਕੇ ਅਤੇ ਕਿਸੇ ਹੋਰ ਵਿਅਕਤੀ ਨੂੰ ਪੇਸ਼ ਕਰਕੇ ਪ੍ਰਾਪਰਟੀ ਦੀ ਰਜਿਸਟਰ ਕਰਵਾਈ। ਜਮਨਾ ਦਾਸ ਦੀ ਮਈ, 2023 ’ਚ ਮੌਤ ਹੋਈ ਸੀ ਪਰ ਸਤੰਬਰ, 2024 ’ਚ ਤਹਿਸੀਲ-1 ਦਫਤਰ ਚ ਉਨ੍ਹਾਂ ਨੂੰ ਜਿਊਂਦਾ ਦਿਖਾ ਕੇ ਜ਼ਮੀਨ ਦੀ ਰਜਿਸਟਰੀ ਕੀਤੀ ਗਈ ਸੀ।
ਮ੍ਰਿਤਕ ਦੇ ਰਿਸ਼ਤੇਦਾਰ ਵਿਜੇ ਭਾਟੀਆ ਦੀ ਸ਼ਿਕਾਇਤ ’ਤੇ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਜਾਂਚ ਦਾ ਆਦੇਸ਼ ਦਿੱਤਾ ਸੀ। ਇਸ ਦੌਰਾਨ ਸੀਐੱਫ ਫੀਲਡ ਅਫਸਰ ਨਵਦੀਪ ਸਿੰਘ ਤੇ ਜ਼ਿਲ੍ਹਾ ਰੈਵੀਨਿਊ ਅਫਸਰ ਨਵਦੀਪ ਸਿੰਘ ਭੋਗਲ ਦੀ ਜਾਂਚ ਰਿਪੋਰਟ ’ਚ ਰਜਿਸਟਰੀ ਦੇ ਫਰਜ਼ੀਵਾੜੇ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਡੀਸੀ ਦੇ ਆਦੇਸ਼ ’ਤੇ ਡੀਆਰਓ ਨਵਦੀਪ ਸਿੰਘ ਭੋਗਲ ਨੇ 16 ਜਨਵਰੀ ਨੂੰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਜਾਂਚ ਰਿਪੋਰਟ ਭੇਜ ਕੇ ਪਰਚਾ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ। 25 ਦਿਨਾਂ ਦੇ ਲੰਬੇ ਇੰਤਜ਼ਾਰ ਮਗਰੋਂ ਥਾਣਾ ਬਾਰਾਦਰੀ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਇਸ ਫਰਜ਼ੀ ਰਜਿਸਟਰੀ ਨੂੰ ਰੱਦ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਜਿਸ ਨੰਬਰਦਾਰ ਗੁਰਦੇਵ ਸਿੰਘ ਨੇ ਗਲਤ ਗਵਾਹੀ ਦਿੱਤੀ ਸੀ, ਉਸ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਉਸਨੂੰ ਹੁਣ ਬਰਖਾਸਤ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।
ਧੋਖਾ ਮੇਰੇ ਨਾਲ ਹੋਇਆ ਹੈ : ਜੱਸਲ
ਮੁਲਜ਼ਮਾਂ ’ਚ ਜ਼ਮੀਨ ਦੀ ਖਰੀਦਦਾਰੀ ਕਰਨ ਵਾਲੇ ਮਨਦੀਪ ਕੁਮਾਰ ਜੱਸਲ ਦਾ ਨਾਮ ਵੀ ਸ਼ਾਮਲ ਹੈ, ਜੋ ਰਾਮਾਮੰਡੀ ਇਲਾਕੇ ਦੇ ਪੁਰਾਣੇ ਵਾਰਡ ਨੰਬਰ 10 ਤੋਂ ਕਾਂਗਰਸ ਦਾ ਕੌਂਸਲਰ ਰਹਿ ਚੁੱਕਾ ਹੈ। ਉਸ ਨੇ ਮੌਜੂਦਾ ਵਾਰਡ ਨੰਬਰ 8 ਤੋਂ ਵੀ ਪਿਛਲੀਆਂ ਚੋਣਾਂ ’ਚ ਕੌਂਸਲਰ ਦੀ ਚੋਣ ਲੜੀ ਸੀ, ਜਿਸ ਵਿਚ ਉਸ ਨੂੰ ਹਾਰ ਮਿਲੀ ਸੀ। ਪਰਚਾ ਦਰਜ ਹੋਣ ਸਬੰਧੀ ਮਨਦੀਪ ਕੁਮਾਰ ਜੱਸਲ ਦਾ ਕਹਿਣਾ ਹੈ ਕਿ ਧੋਖਾ ਤਾਂ ਉਨ੍ਹਾਂ ਨਾਲ ਹੋਇਆ ਹੈ। ਉਸ ਨੇ 22.10 ਲੱਖ ਰੁਪਏ ਦੇ ਕੇ ਪਲਾਟ ਖਰੀਦਿਆ ਸੀ। ਸਾਰਾ ਭੁਗਤਾਨ ਖਾਤੇ ’ਚ ਹੋਇਆ ਹੈ, ਜਿਸ ਦਾ ਦਸਤਾਵੇਜ਼ੀ ਸਬੂਤ ਉਸ ਕੋਲ ਹੈ। ਇਸ ਸਬੰਧੀ ਉਸਨੇ ਪਹਿਲਾਂ ਹੀ ਮਈ, 2025 ’ਚ ਸੀਪੀ ਕੋਲ ਸ਼ਿਕਾਇਤ ਦਿੱਤੀ ਸੀ ਕਿ ਉਸ ਨਾਲ ਧੋਖਾ ਹੋਇਆ ਹੈ। ਪਹਿਲਾਂ ਉਸ ਸ਼ਿਕਾਇਤ ਦੀ ਜਾਂਚ ਕੀਤੀ ਜਾਵੇ। ਹੁਣ ਜੋ ਪਰਚਾ ਦਰਜ ਹੋਇਆ ਹੈ, ਉਸ ਸਬੰਧੀ ਵੀ ਸੀਪੀ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣਗੇ।