ਰਾਸ਼ਟਰੀ ਰਾਜਮਾਰਗ 'ਤੇ ਲਾਸ਼ ਰੱਖ ਕੇ ਵਿਰੋਧ ਪ੍ਰਦਰਸ਼ਨ ਕਰਨ ਦੇ ਦੋਸ਼ ਹੇਠ 60 ਨਾਮਜ਼ਦ
ਰਾਸ਼ਟਰੀ ਰਾਜਮਾਰਗ 'ਤੇ ਲਾਸ਼ ਰੱਖ ਕੇ ਵਿਰੋਧ ਪ੍ਰਦਰਸ਼ਨ ਕਰਨ ਦੇ ਦੋਸ਼ ਹੇਠ ਅੱਠ ਨਾਮਜ਼ਦ ਵਿਅਕਤੀਆਂ ਸਮੇਤ 60 ਲੋਕਾਂ ਖ਼ਿਲਾਫ਼ ਮਾਮਲਾ ਦਰਜ
Publish Date: Fri, 03 Apr 2026 10:57 PM (IST)
Updated Date: Sat, 04 Apr 2026 04:14 AM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ ਦਿਹਾਤੀ ਦੇ ਆਦਮਪੁਰ ਥਾਣਾ ਖੇਤਰ ਅਧੀਨ ਪਿੰਡ ਬਿਆਸ ਵਿਖੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਬਿਨਾਂ ਇਜਾਜ਼ਤ ਟੈਂਟ ਲਾ ਕੇ ਆਵਾਜਾਈ ’ਚ ਰੁਕਾਵਟ ਪੈਦਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ ਅੱਠ ਨਾਮਜ਼ਦ ਵਿਅਕਤੀਆਂ ਸਮੇਤ 40-50 ਅਣਪਛਾਤੇ ਪੁਰਸ਼ਾਂ ਤੇ 15-20 ਅਣਪਛਾਤੀਆਂ ਔਰਤਾਂ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਤੇ ਨੈਸ਼ਨਲ ਹਾਈਵੇ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਡਿਊਟੀ ’ਤੇ ਤਾਇਨਾਤ ਐੱਸਆਈ ਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਨਾਮਜ਼ਦ ਮੁਲਜ਼ਮਾਂ ’ਚ ਅਮਰੀਕ ਲਾਲ (ਵਾਸੀ ਪਿੰਡ ਬਿਆਸ), ਮਨੋਹਰ ਲਾਲ, ਸੋਮ ਪ੍ਰਕਾਸ਼, ਸੰਨੀ, ਮਨਜੀਤ, ਗੁਰਪ੍ਰੀਤ ਸਿੰਘ ਉਰਫ਼ ਗੋਪਾ, ਰਾਕੇਸ਼ ਤੇ ਮੱਖਣ (ਸਾਰੇ ਵਾਸੀ ਪਿੰਡ ਕਰਾੜੀ, ਥਾਣਾ ਕਰਤਾਰਪੁਰ) ਸ਼ਾਮਲ ਹਨ। ਪੁਲਿਸ ਨੇ ਐੱਫਆਈਆਰ ਨੰਬਰ 0059 ਦਰਜ ਕਰਦਿਆਂ ਨੈਸ਼ਨਲ ਹਾਈਵੇ ਐਕਟ 1956 ਤੇ ਬੀਐੱਨਐੱਸ ਦੀ ਧਾਰਾ 285 ਤੇ ਧਾਰਾ 8ਬੀ ਤਹਿਤ ਕਾਰਵਾਈ ਕੀਤੀ ਹੈ। ਮਾਮਲੇ ਦੀ ਅਗਲੀ ਜਾਂਚ ਐੱਸਆਈ ਰਵਿੰਦਰ ਸਿੰਘ ਨੂੰ ਸੌਂਪੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਕਾਨੂੰਨ-ਵਿਵਸਥਾ ਭੰਗ ਕਰਨ ਤੇ ਬਿਨਾਂ ਇਜਾਜ਼ਤ ਰਾਸ਼ਟਰੀ ਰਾਜਮਾਰਗ ਜਾਮ ਕਰਨ ਵਾਲਿਆਂ ਵਿਰੁੱਧ ਭਵਿੱਖ ’ਚ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।