ਬਲੈਕਮੇਲਿੰਗ ਦੋਸ਼ ’ਚ 6 ਜਣਿਆਂ ਖ਼ਿਲਾਫ਼ ਮਾਮਲਾ ਦਰਜ
ਗੈਸ ਏਜੰਸੀ ਨੂੰ ਬਲੈਕਮੇਲ ਕਰਨ ਦੇ ਦੋਸ਼ ’ਚ ਪੱਤਰਕਾਰ ਸਮੇਤ 6 ਵਿਅਕਤੀਆਂ ਵਿਰੁੱਧ ਮਾਮਲਾ ਦਰਜ
Publish Date: Thu, 09 Apr 2026 10:09 PM (IST)
Updated Date: Thu, 09 Apr 2026 10:11 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ਦੀ ਇਕ ਗੈਸ ਏਜੰਸੀ ਨੂੰ ਕਥਿਤ ਤੌਰ ਤੇ ਬਲੈਕਮੇਲ ਕਰਨ ਦੇ ਮਾਮਲੇ ’ਚ ਥਾਣਾ ਨੰਬਰ 8 ਦੀ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਛੇ ਵਿਅਕਤੀਆਂ ਵਿਰੁੱਧ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ, ਜਿਸ ’ਚ ਇਕ ਪੱਤਰਕਾਰ ਸ਼ਾਮਲ ਹੈ। ਮੁੱਖ ਮੁਲਜ਼ਮ ਇਸ ਸਮੇਂ ਫਰਾਰ ਦੱਸਿਆ ਜਾ ਰਿਹਾ ਹੈ, ਤੇ ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਪੁਲਿਸ ਕੋਲ ਦਰਜ ਸ਼ਿਕਾਇਤ ਦੇ ਅਨੁਸਾਰ ਪੱਤਰਕਾਰ ਨੇ ਕੁਝ ਦਿਨ ਪਹਿਲਾਂ ਗੈਸ ਏਜੰਸੀ ਬਾਰੇ ਇਕ ਵੀਡੀਓ ਬਣਾਈ ਸੀ ਤੇ ਏਜੰਸੀ ਦੇ ਮਾਲਕ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਪ੍ਰਸਾਰਿਤ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਬਦਲੇ 2 ਲੱਖ ਰੁਪਏ ਦੀ ਮੰਗ ਕੀਤੀ ਨਾਲ ਹੀ ਮਾਲਕ ਨੂੰ ਇਸ਼ਤਿਹਾਰ ਫੀਸ ਦੀ ਆੜ ’ਚ 5 ਹਜ਼ਾਰ ਰੁਪਏ ਮਹੀਨਾ ਦੇਣ ਲਈ ਦਬਾਅ ਪਾਇਆ। ਮੁਲਜ਼ਮ ਨੇ ਏਜੰਸੀ ਦੀ ਇਕ ਮਹਿਲਾ ਮੁਲਾਜ਼ਮ ਨਾਲ ਬਦਸਲੂਕੀ ਕੀਤੀ ਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕੀਤੀ, ਜਿਸ ਨਾਲ ਮਾਮਲਾ ਹੋਰ ਗੰਭੀਰ ਹੋ ਗਿਆ। ਗੈਸ ਏਜੰਸੀ ਮਾਲਕ ਵੱਲੋਂ ਪੁਲਿਸ ਨੂੰ ਸਾਰੇ ਜ਼ਰੂਰੀ ਸਬੂਤ ਪੇਸ਼ ਕਰਨ ਤੋਂ ਬਾਅਦ ਥਾਣਾ 8 ’ਚ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਮੁਲਜ਼ਮ ਵਿਰੁੱਧ ਕਾਨੂੰਨ ਦੀਆਂ ਵੱਖ-ਵੱਖ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਧਿਰ ਦੇ ਸਾਰੇ ਮੋਬਾਈਲ ਨੰਬਰ ਇਸ ਸਮੇਂ ਬੰਦ ਹਨ, ਤੇ ਉਹ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਾਰ ਹੈ। ਉਸਨੂੰ ਲੱਭਣ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।