ਸਰਕਾਰੀ ਗਲੀ ‘ਤੇ ਨਾਜਾਇਜ਼ ਕਬਜ਼ੇ ਦਾ ਮਾਮਲਾ ਭਖਿਆ
ਸਰਕਾਰੀ ਗਲੀ ‘ਤੇ ਨਾਜਾਇਜ਼ ਕਬਜ਼ੇ ਦਾ ਮਾਮਲਾ ਭਖਿਆ
Publish Date: Wed, 25 Feb 2026 08:24 PM (IST)
Updated Date: Wed, 25 Feb 2026 08:28 PM (IST)

-ਨਗਰ ਪੰਚਾਇਤ ਦੀ ਕਾਰਜਪ੍ਰਣਾਲੀ ’ਤੇ ਉੱਠੇ ਸਵਾਲ, ਮੁਹੱਲਾ ਨਿਵਾਸੀਆਂ ’ਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਨਗਰ ਪੰਚਾਇਤ ਸ਼ਾਹਕੋਟ ਅਧੀਨ ਆਉਂਦੇ ਮੁਹੱਲਾ ਕਰਤਾਰ ਨਗਰ ਵਿਚ ਇਕ ਸਰਕਾਰੀ ਗਲੀ ‘ਤੇ ਕੀਤੇ ਨਾਜਾਇਜ਼ ਕਬਜ਼ੇ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਦਫ਼ਤਰ ਵਿਚ ਨਗਰ ਪੰਚਾਇਤ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਦੀ ਹਾਜ਼ਰੀ ਵਿਚ ਹੋਏ ਲਿਖਤੀ ਸਮਝੌਤੇ ਦੇ ਬਾਵਜੂਦ ਤੈਅ ਸਮਾਂ ਹੱਦ ਬੀਤ ਜਾਣ ‘ਤੇ ਵੀ ਕਬਜ਼ਾ ਨਹੀਂ ਹਟਾਇਆ ਗਿਆ, ਜਿਸ ਕਾਰਨ ਮੁਹੱਲਾ ਨਿਵਾਸੀਆਂ ਵਿਚ ਪ੍ਰਸ਼ਾਸਨ ਤੇ ਨਗਰ ਪੰਚਾਇਤ ਵਿਰੁੱਧ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮਗੜ੍ਹੀਆ ਚੌਕ ਵਿਚ ਡਾ. ਰੂਪਰਾ ਦੇ ਕਲੀਨਿਕ ਦੇ ਸਾਹਮਣੇ ਵਾਲੀ ਸਰਕਾਰੀ ਗਲੀ ਵਿਚ ਜਗਜੀਤ ਸਿੰਘ ਬੱਬਰ ਨਾਮਕ ਵਿਅਕਤੀ ਵੱਲੋਂ ਕਥਿਤ ਤੌਰ ‘ਤੇ ਨਾਜਾਇਜ਼ ਕਬਜ਼ਾ ਕਰਕੇ 15 ਫੁੱਟ ਦੇ ਕਰੀਬ ਅੱਗੇ ਗੇਟ ਲਗਾ ਦਿੱਤਾ ਗਿਆ ਹੈ। ਇਸ ਸਬੰਧੀ ਸਾਬਕਾ ਐੱਮਸੀ ਡਾ. ਅਰਵਿੰਦਰ ਸਿੰਘ, ਮਨਦੀਪ ਸਿੰਘ ਰੂਪਰਾ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਜਗਤਾਰ ਸਿੰਘ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਦੋਸ਼ ਲਗਾਇਆ ਕਿ ਇਹ ਗਲੀ ਨਗਰ ਪੰਚਾਇਤ ਦੀ ਹੈ ਅਤੇ ਇੱਥੇ ਪਹਿਲਾਂ ਹੀ ਸਰਕਾਰੀ ਨਾਲੀਆਂ ਅਤੇ ਇੰਟਰਲਾਕ ਟਾਈਲਾਂ ਲੱਗੀਆਂ ਹੋਈਆਂ ਹਨ। ਸ਼ਿਕਾਇਤ ਤੋਂ ਬਾਅਦ ਨਗਰ ਪੰਚਾਇਤ ਵੱਲੋਂ ਜਗਜੀਤ ਸਿੰਘ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਇਸ ਮਾਮਲੇ ਨੂੰ ਸੁਲਝਾਉਣ ਲਈ ਨਗਰ ਪੰਚਾਇਤ ਦੇ ਪ੍ਰਧਾਨ ਗੁਲਜ਼ਾਰ ਸਿੰਘ, ਸੀਨੀਅਰ ਕਾਂਗਰਸੀ ਆਗੂ ਤਰਲੋਕ ਸਿੰਘ ਰੂਪਰਾ ਤੇ ਲਛਮਣ ਸੋਬਤੀ ਦੀ ਵਿਚੋਲਗੀ ਹੇਠ ਇਕ ਰਾਜ਼ੀਨਾਮਾ ਲਿਖਿਆ ਗਿਆ ਸੀ। ਇਸ ਲਿਖਤ ਮੁਤਾਬਕ ਜਗਜੀਤ ਸਿੰਘ ਬੱਬਰ ਨੇ ਮੰਨਿਆ ਸੀ ਕਿ ਉਹ 17 ਫਰਵਰੀ ਨੂੰ ਆਪਣੇ ਘਰ ਦੇ ਪ੍ਰੋਗਰਾਮ ਤੋਂ ਬਾਅਦ ਗੇਟ ਨੂੰ ਪਿੱਛੇ ਕਰ ਲਵੇਗਾ। ਅੱਜ 25 ਫਰਵਰੀ ਹੋ ਜਾਣ ਦੇ ਬਾਵਜੂਦ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਮੁਹੱਲਾ ਨਿਵਾਸੀਆਂ ਨੇ ਦੋਸ਼ ਲਾਇਆ ਹੈ ਕਿ ਨਗਰ ਪੰਚਾਇਤ ਅਤੇ ਸੱਤਾਧਾਰੀ ਸਿਆਸੀ ਆਗੂਆਂ ਦੀ ਕਥਿਤ ਮਿਲੀਭੁਗਤ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸਮਝੌਤੇ ਵਿਚ ਸਪੱਸ਼ਟ ਲਿਖਿਆ ਗਿਆ ਸੀ ਕਿ ਜੇਕਰ ਮਿਆਦ ਦੇ ਅੰਦਰ ਗੇਟ ਪਿੱਛੇ ਨਹੀਂ ਕੀਤਾ ਜਾਂਦਾ ਤਾਂ ਨਗਰ ਪੰਚਾਇਤ ਕਾਨੂੰਨੀ ਕਾਰਵਾਈ ਕਰੇਗੀ ਪਰ ਅਜੇ ਤੱਕ ਪ੍ਰਸ਼ਾਸਨ ਨੇ ਚੁੱਪ ਧਾਰੀ ਹੋਈ ਹੈ। ਸ਼ਿਕਾਇਤ ਕਰਤਾ ਡਾ. ਅਰਵਿੰਦਰ ਸਿੰਘ ਰੂਪਰਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਹੀ ਸਰਕਾਰੀ ਗਲੀ ਤੋਂ ਨਾਜਾਇਜ਼ ਕਬਜ਼ਾ ਨਾ ਹਟਾਇਆ ਗਿਆ ਤਾਂ ਉਹ ਉੱਚ ਅਧਿਕਾਰੀਆਂ ਤੇ ਹਾਈ ਕੋਰਟ ਦਾ ਸਹਾਰਾ ਲੈਣਗੇ। ਉਨ੍ਹਾਂ ਮੰਗ ਕੀਤੀ ਹੈ ਕਿ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਨਾਜਾਇਜ਼ ਉਸਾਰੀ ਨੂੰ ਤੁਰੰਤ ਢਾਹਿਆ ਜਾਵੇ। ਇਸ ਸਬੰਧੀ ਕਾਰਜ ਸਾਧਕ ਅਫਸਰ ਸ਼ਾਹਕੋਟ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਵੱਲੋਂ ਜਲਦੀ ਹੀ ਨਜਾਇਜ਼ ਕਬਜ਼ੇ ਨੂੰ ਹਟਾਇਆ ਜਾ ਰਿਹਾ ਹੈ।