ਪੁੱਛਗਿੱਛ ਮਗਰੋਂ ਲੱਖਾਂ ਦੀ ਡਰੱਗ ਮਨੀ ਸਣੇ ਇਕ ਹੋਰ ਤਸਕਰ ਗ੍ਰਿਫ਼ਤਾਰ
(ਮਾਮਲਾ ਹੈਰੋਇਨ ਸਮੇਤ ਫੜੇ ਗਏ ਨਸ਼ਾ ਤਸਕਰ ਦਾ)
Publish Date: Sun, 01 Mar 2026 09:16 PM (IST)
Updated Date: Mon, 02 Mar 2026 04:14 AM (IST)
- ਮਾਮਲਾ ਹੈਰੋਇਨ ਸਮੇਤ ਫੜੇ ਗਏ ਨਸ਼ਾ ਤਸਕਰ ਦਾ
- ਵਿਦੇਸ਼ ’ਚ ਬੈਠੇ ਨਸ਼ਾ ਤਸਕਰਾਂ ਦੇ ਹੁਕਮਾਂ ’ਤੇ ਕਰ ਰਿਹਾ ਸੀ ਨਸ਼ਾ ਸਪਲਾਈ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ
ਜਲੰਧਰ : ਸੀਆਈਏ ਸਟਾਫ ਦੀ ਪੁਲਿਸ ਨੇ ਪਿਛਲੇ ਦਿਨੀਂ ਇਕ ਨਸ਼ਾ ਤਸਕਰ ਨੂੰ 30 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਸ ਨਸ਼ਾ ਤਸਕਰ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿਛ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਸੀਆਈਏ ਸਟਾਫ ਦੀ ਪੁਲਿਸ ਨੇ ਉਸਦੇ ਇਕ ਹੋਰ ਸਾਥੀ ਨੂੰ ਨਵਾਂ ਸ਼ਹਿਰ ਤੋਂ ਕਾਬੂ ਕਰਕੇ ਉਸ ਕੋਲੋਂ ਲੱਖਾਂ ਰੁਪਏ ਦੀ ਡਰਗ ਮਣੀ ਬਰਾਮਦ ਕੀਤੀ ਹੈ। ਫੜਿਆ ਗਿਆ ਨਸ਼ਾ ਤਸਕਰ ਵਿਦੇਸ਼ ’ਚ ਬੈਠੇ ਨਸ਼ਾ ਤਸਕਰਾਂ ਦੇ ਹੁਕਮਾਂ ’ਤੇ ਉਸਦੇ ਗਾਹਕਾਂ ਨੂੰ ਨਸ਼ਾ ਸਪਲਾਈ ਕਰਕੇ ਮੋਟਾ ਮੁਨਾਫਾ ਕਮਾ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਡਿਟੈਕਟਿਵ ਅਮਰਬੀਰ ਸਿੰਘ ਨੇ ਦੱਸਿਆ ਕਿ 28 ਫਰਵਰੀ ਨੂੰ ਸੀਆਈਏ ਸਟਾਫ ਦੀ ਟੀਮ ਨੇ ਰੋਹਨਪ੍ਰੀਤ ਸਿੰਘ ਵਾਸੀ ਨਿਊ ਚੰਦਨ ਨਗਰ ਨੂੰ ਗਿਰਫਤਾਰ ਕਰਕੇ ਉਸ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਪੁਲਿਸ ਨੇ ਰੋਹਣਪ੍ਰੀਤ ਖ਼ਿਲਾਫ਼ ਥਾਣਾ ਸੱਤ ’ਚ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲਿਆ ਸੀ। ਪੁਲਿਸ ਰਿਮਾਂਡ ਦੌਰਾਨ ਉਸ ਕੋਲੋਂ ਜਦ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸ ਦਾ ਇਕ ਹੋਰ ਸਾਥੀ ਕੁੰਦਨ ਫਰਵਾਹਾ ਵਾਸੀ ਹਰਗੋਬਿੰਦ ਨਗਰ ਮਾਡਲ ਟਾਊਨ ਨਵਾਂਸ਼ਹਿਰ ਵੀ ਹੈ ਜੋ ਕਿ ਰਾਹੋ ਰੋਡ ’ਤੇ ਮੋਬਾਈਲਾਂ ਦੀ ਦੁਕਾਨ ਕਰਦਾ ਹੈ ਵੀ ਨਸ਼ਾ ਤਸਕਰੀ ’ਚ ਉਸ ਦਾ ਸਾਥ ਦਿੰਦਾ ਹੈ। ਜਿਸ ਮਗਰੋਂ ਪੁਲਿਸ ਪਾਰਟੀ ਨੇ ਜਾਲ ਵਿਛਾ ਕੇ ਕੁੰਦਨ ਨੂੰ ਵੀ ਕਾਬੂ ਕਰ ਲਿਆ। ਪੁਲਿਸ ਨੇ ਉਸ ਦੇ ਕਬਜ਼ੇ ’ਚੋਂ 4 ਲੱਖ 30 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ, ਜੋ ਉਸ ਨੇ ਨਸ਼ਾ ਵੇਚ ਕੇ ਕਮਾਏ ਸਨ। ਪੁਲਿਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਜਦ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਮੋਬਾਈਲਾਂ ਦਾ ਕੰਮ ਕਰਦਾ ਹੈ ਤੇ ਰਾਹੋ ਰੋਡ ’ਤੇ ਉਸਦੀ ਮੋਬਾਇਲਾਂ ਦੀ ਦੁਕਾਨ ਹੈ। ਦੁਕਾਨ ’ਤੇ ਕੰਮ ਘੱਟ ਹੋਣ ਕਾਰਨ ਉਹ ਵਿਦੇਸ਼ ’ਚ ਬੈਠੇ ਪਰਨਵ ਸਹਿਗਲ ਤੇ ਸੋਨੂ ਖੱਤਰੀ ਦੇ ਜਰੀਏ ਨਸ਼ੇ ਦੀ ਤਸਕਰੀ ਕਰਨ ਲੱਗ ਪਿਆ। ਉਹ ਉਨਾਂ ਦੋਵਾਂ ਦੇ ਗਾਹਕਾਂ ਨੂੰ ਉਨਾਂ ਦੇ ਹੁਕਮਾਂ ’ਤੇ ਹੀ ਹੈਰੋਇਨ ਵੇਚ ਕੇ ਮੋਟਾ ਮੁਨਾਫਾ ਕਮਾ ਰਿਹਾ ਸੀ। ਏਸੀਪੀ ਅਮਰਬੀਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਉਮੀਦ ਹੈ ਕਿ ਇਨਾਂ ਦੇ ਨੈੱਟਵਰਕ ਦੇ ਹੋਰ ਵੀ ਨਸ਼ਾ ਤਸਕਰ ਪੁਲਿਸ ਦੇ ਹੱਥੇ ਚੜ੍ਹਨਗੇ।