ਕੈਂਟਰ ਸਮੇਤ ਡਰਾਈਵਰ ਗਿਰਫਤਾਰ
(ਮਾਮਲਾ ਟੈਂਕਰ ਦੀ ਟੱਕਰ ਨਾਲ ਹੋਈ ਵਿਅਕਤੀ ਦੀ ਮੌਤ ਦਾ)
Publish Date: Sun, 18 Jan 2026 08:06 PM (IST)
Updated Date: Mon, 19 Jan 2026 04:20 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਪਿਛਲੇ ਦਿਨੀਂ ਇਕ ਟੈਂਕਰ ਦੀ ਟੱਕਰ ਨਾਲ ਹੋਏ ਇਕ ਵਿਅਕਤੀ ਦੀ ਮੌਤ ਦੇ ਮਾਮਲੇ ’ਚ ਡਰਾਈਵਰ ਨੂੰ ਕੈਂਟਰ ਸਮੇਤ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਨਰਿੰਦਰ ਕੁਮਾਰ ਵਾਸੀ ਨਿਊ ਬਲਦੇਵ ਨਗਰ ਪਿਛਲੇ ਦਿਨੀ ਸਾਈਕਲ ’ਤੇ ਲੰਮਾ ਪਿੰਡ ਚੌਕ ਵੱਲ ਜਾ ਰਿਹਾ ਸੀ। ਇਸ ਦੌਰਾਨ ਤੇਲ ਟੈਂਕਰ (ਪੀਬੀ02-ਈਵਾਈ-9907) ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਹੇਠਾਂ ਡਿੱਗ ਪਿਆ ਤੇ ਤੇਲ ਦੇ ਟੈਂਕਰ ਦਾ ਟਾਇਰ ਉਸ ਉੱਪਰੋਂ ਲੰਘ ਗਿਆ। ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖ਼ਮੀ ਹਾਲਤ ’ਚ ਨਰਿੰਦਰ ਕੁਮਾਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੇ ਪੁੱਤਰ ਸੁਨੀਲ ਕੁਮਾਰ ਵਾਸੀ ਨਿਊ ਬਲਦੇਵ ਨਗਰ ਦੇ ਬਿਆਨਾਂ ’ਤੇ ਤੇਲ ਟੈਂਕਰ ਦੇ ਡਰਾਈਵਰ ਸਤਨਾਮ ਸਿੰਘ ਵਾਸੀ ਪਿੰਡ ਛੀਨਾ ਕਰਮ ਸਿੰਘ ਅਜਨਾਲਾ ਖਿਲਾਫ ਮਾਮਲਾ ਦਰਜ ਕਰ ਦਿੱਤਾ। ਏਐੱਸਆਈ ਬਲਕਰਨ ਸਿੰਘ ਨੇ ਇਸ ਮਾਮਲੇ ’ਚ ਨਾਮਜਦ ਸਤਨਾਮ ਸਿੰਘ ਨੂੰ ਕੈਂਟਰ ਸਮੇਤ ਅੱਜ ਗ੍ਰਿਫਤਾਰ ਕਰ ਲਿਆ ਹੈ।