ਗਿੱਲ ਪਿੰਡ ’ਚ ਕੁੱਟਮਾਰ ਤੇ ਮਾਨਹਾਨੀ ਦਾ ਮਾਮਲਾ ਦਰਜ, ਜੋੜੇ ’ਤੇ ਦੋਸ਼
ਗਿੱਲ ਪਿੰਡ ’ਚ ਕੁੱਟਮਾਰ ਤੇ ਮਾਨਹਾਨੀ ਦਾ ਮਾਮਲਾ ਦਰਜ, ਜੋੜੇ ’ਤੇ ਦੋਸ਼
Publish Date: Sun, 05 Apr 2026 09:42 PM (IST)
Updated Date: Sun, 05 Apr 2026 09:43 PM (IST)

- ਪੁਰਾਣੀ ਰੰਜਿਸ਼ ਕਾਰਨ ਵਧਿਆ ਵਿਵਾਦ, ਔਰਤ ਦੀ ਸ਼ਿਕਾਇਤ ’ਤੇ ਪੁਲਿਸ ਨੇ ਕੀਤੀ ਕਾਰਵਾਈ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗਿੱਲ ਪਿੰਡ ’ਚ ਕੁੱਟਮਾਰ ਦੇ ਇੱਕ ਮਾਮਲੇ ’ਚ ਇੱਕ ਔਰਤ ਦੀ ਸ਼ਿਕਾਇਤ ’ਤੇ ਪੁਲਿਸ ਨੇ ਜੋੜੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਗਿੱਲ ਪਿੰਡ ਦੀ ਰਹਿਣ ਵਾਲੀ ਅਮਰਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਪਿੰਡ ਦੇ ਹੀ ਵਾਸੀ ਬੂਟਾ ਸਿੰਘ ਦੇ ਪੁੱਤਰ ਵਿਜੈ ਕੁਮਾਰ ਤੇ ਉਸ ਦੀ ਪਤਨੀ ਨਿਰਮਲਾ ਦੇਵੀ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਬਦਸਲੂਕੀ ਕੀਤੀ। ਪੀੜਤਾ ਨੇ ਦੱਸਿਆ ਕਿ ਦੋਵੇਂ ਧਿਰਾਂ ’ਚ ਕਾਫੀ ਸਮੇਂ ਤੋਂ ਆਪਸੀ ਵਿਵਾਦ ਚੱਲ ਰਿਹਾ ਸੀ, ਜੋ ਹੌਲੀ-ਹੌਲੀ ਵਧਦਾ ਗਿਆ ਤੇ ਹਾਲ ਹੀ ਝਗੜੇ ਨੇ ਗੰਭੀਰ ਰੂਪ ਧਾਰ ਲਿਆ। ਅਮਰਜੀਤ ਕੌਰ ਦਾ ਦੋਸ਼ ਹੈ ਕਿ ਇਸ ਦੌਰਾਨ ਉਸ ਨਾਲ ਦੁਰਵਿਵਹਾਰ ਕੀਤਾ ਗਿਆ ਤੇ ਉਸ ਨੂੰ ਮਾਨਸਿਕ ਤੌਰ ’ਤੇ ਵੀ ਪਰੇਸ਼ਾਨ ਕੀਤਾ ਗਿਆ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ’ਚ ਵਿਜੈ ਕੁਮਾਰ ਤੇ ਉਸ ਦੀ ਪਤਨੀ ਨਿਰਮਲਾ ਦੇਵੀ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ ਦੋਵਾਂ ਦੀ ਗ੍ਰਿਫ਼ਤਾਰੀ ਹਾਲੇ ਨਹੀਂ ਹੋਈ ਹੈ। ਜਾਂਚ ਅਧਿਕਾਰੀ ਏਐੱਸਆਈ ਸੁਭਾਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਵੇਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।