ਪਾਕਿ ’ਚ ਕਾਰਪੋਰੇਟ ਫਾਰਮਿੰਗ ਵਿਰੁੱਧ ਸੌ ਤੋਂ ਵੱਧ ਸ਼ਹਿਰਾਂ ’ਚ ਪ੍ਰਦਰਸ਼ਨ
ਕਣਕ ਖਰੀਦ ਨੂੰ 11
Publish Date: Sat, 18 Apr 2026 08:36 PM (IST)
Updated Date: Sat, 18 Apr 2026 08:39 PM (IST)
ਕਣਕ ਖਰੀਦ ਨੂੰ 11 ਨਿੱਜੀ ਕੰਪਨੀਆਂ ਨੂੰ ਆਊਟਸੋਰਸ ਕਰਨ ਦੀ ਯੋਜਨਾ ਦਾ ਵੀ ਕਿਸਾਨਾਂ ਨੇ ਕੀਤਾ ਵਿਰੋਧ
ਇਸਲਾਮਾਬਾਦ (ਏਐੱਨਆਈ) : ਪਾਕਿਸਤਾਨ ’ਚ ਕਾਰਪੋਰੇਟ ਫਾਰਮਿੰਗ ਦੇ ਵਧਦੇ ਚਲਨ ਦੇ ਵਿਰੁੱਧ ਕਿਸਾਨਾਂ ਨੇ ਦੇਸ਼ ਪੱਧਰੀ ਪ੍ਰਦਰਸ਼ਨ ਕੀਤਾ। ਪਾਕਿਸਤਾਨ ਕਿਸਾਨ ਰਾਬਤਾ ਕਮੇਟੀ ਵੱਲੋਂ ਦੇਸ਼ ਪੱਧਰੀ ਸੱਦਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ 100 ਤੋਂ ਵੱਧ ਸ਼ਹਿਰਾਂ ’ਚ ਵਿਰੋਧ ਪ੍ਰਦਰਸ਼ਨ ਹੋਏ। ਕਿਸਾਨਾਂ ਨੇ ਵੱਡੀ ਗਿਣਤੀ ’ਚ ਲਾਮਬੰਦ ਹੋ ਕੇ ਉਨ੍ਹਾਂ ਨੀਤੀਆਂ ਦਾ ਵਿਰੋਧ ਕੀਤਾ, ਜਿਨ੍ਹਾਂ ਨੂੰ ਉਹ ਕਿਸਾਨ ਵਿਰੋਧੀ ਦੱਸ ਰਹੇ ਸਨ ਤੇ ਆਪਣੇ ਰੋਜ਼ਗਾਰ ਦੀ ਸੁਰੱਖਿਆ ਲਈ ਤੁਰੰਤ ਸੁਧਾਰਾਂ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) 4,000 ਪਾਕਿਸਤਾਨੀ ਰੁਪਏ ਪ੍ਰਤੀ ਮਨ ਤੈਅ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਾਰਪੋਰੇਟ ਖੇਤੀ ਦੇ ਤਰੀਕਿਆਂ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦੀ ਕਣਕ ਖਰੀਦ ਨੂੰ 11 ਨਿੱਜੀ ਕੰਪਨੀਆਂ ਨੂੰ ਆਊਟਸੋਰਸ ਕਰਨ ਦੀ ਯੋਜਨਾ ਦਾ ਵੀ ਵਿਰੋਧ ਕੀਤਾ ਤੇ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੇ ਕਦਮਾਂ ਨਾਲ ਛੋਟੇ ਕਿਸਾਨ ਹਾਸ਼ੀਏ ’ਤੇ ਚਲੇ ਜਾਣਗੇ।
ਲਾਹੌਰ, ਮੁਲਤਾਨ, ਬਹਾਵਲਪੁਰ, ਸਾਹੀਵਾਲ ਤੇ ਸਰਗੋਧਾ ਸਮੇਤ ਹੋਰ ਸਥਾਨਾਂ ’ਤੇ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਹੋਏ। ਸਿੰਧ ’ਚ ਹੈਦਰਾਬਾਦ, ਸੁਕੁਰ, ਲਰਕਾਨਾ ਤੇ ਠੱਟਾ ’ਚ ਪ੍ਰਦਰਸ਼ਨ ਹੋਏ, ਜੋ ਵਿਆਪਕ ਨਾਰਾਜ਼ਗੀ ਨੂੰ ਦਰਸਾਉਂਦੇ ਹਨ। ਡਾਨ ਦੇ ਅਨੁਸਾਰ ਖੈਬਰ ਪਖ਼ਤੂਨਖ਼ਵਾ ਦੇ ਸ਼ਹਿਰਾਂ ਜਿਵੇਂ ਪੇਸ਼ਾਵਰ, ਸਵਾਤ, ਐਬਟਾਬਾਦ ਤੇ ਬੰਨੂ ’ਚ ਵੀ ਰੈਲੀਆਂ ਕੀਤੀਆਂ ਗਈਆਂ, ਜਦਕਿ ਬਲੋਚਿਸਤਾਨ ’ਚ ਕੋਇਟਾ, ਮਸਤੰਗ ਤੇ ਕਲਾਤ ’ਚ ਵਿਰੋਧ ਪ੍ਰਦਰਸ਼ਨ ਹੋਏ। ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਨਕਾਰਾਪਨ ਜਾਰੀ ਰਹਿਣ ਨਾਲ ਖੇਤੀ ਸੰਕਟ ਹੋਰ ਵਧ ਸਕਦਾ ਹੈ ਤੇ ਆਉਣ ਵਾਲੇ ਮਹੀਨਿਆਂ ’ਚ ਹੋ ਜ਼ਿਆਦਾ ਤਿੱਖੇ ਵਿਰੋਧ ਪ੍ਰਦਰਸ਼ਨ ਹੋ ਸਕਦੇ ਹਨ।