-ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 8 ਤੋਂ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ -ਜ਼ਿਲ੍ਹੇ ’ਚ ਇਸ ਯੋਜਨਾ ਤਹਿਤ 25 ਲੱਖ ਸਿਹਤ ਕਾਰਡ ਬਣਾਉਣ ਦਾ ਟੀਚਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਵਾਸੀਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਜ਼ਿਲ੍ਹੇ ’ਚ 8 ਜਨਵਰੀ ਤੋਂ ਕਾਰਡ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਯੋਜਨਾ ਅਧੀਨ ਪੰਜਾਬ ਤੇ ਚੰਡੀਗੜ੍ਹ ਦੇ ਸਰਕਾਰੀ ਅਤੇ ਨਿੱਜੀ ਪੈਨਲਬੱਧ ਹਸਪਤਾਲਾਂ ’ਚ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਮੁਫ਼ਤ (ਨਕਦ ਰਹਿਤ) ਇਲਾਜ ਦੀ ਸਹੂਲਤ ਮਿਲੇਗੀ। ਇਸ ਯੋਜਨਾ ਵਿਚ ਕੁੱਲ 2200 ਤੋਂ ਵੱਧ ਬਿਮਾਰੀਆਂ ਦਾ ਇਲਾਜ ਸ਼ਾਮਲ ਹੈ। ਲੋਕਾਂ ਤੱਕ ਇਸ ਯੋਜਨਾ ਦਾ ਲਾਭ ਪਹੁੰਚਾਉਣ ਲਈ ਵਾਰਡ ਤੇ ਪਿੰਡ ਪੱਧਰ ’ਤੇ ਸਰਕਾਰੀ ਕਰਮਚਾਰੀ, ਅਧਿਕਾਰੀ, ਆਮ ਆਦਮੀ ਪਾਰਟੀ ਦੇ ਮੈਂਬਰ ਅਤੇ ਅਹੁਦੇਦਾਰ ਸਰਗਰਮੀ ਨਾਲ ਕੰਮ ਕਰ ਰਹੇ ਹਨ। ਕਾਰਡ ਬਣਾਉਣ ਵਾਲੇ ਕਾਮਨ ਸਰਵਿਸ ਸੈਂਟਰ ਨੂੰ ਰਜਿਸਟ੍ਰੇਸ਼ਨ ਲਈ 4 ਰੁਪਏ ਤੇ ਕਾਰਡ ਲਾਭਪਾਤਰੀ ਤੱਕ ਪਹੁੰਚਾਉਣ ਲਈ 3 ਰੁਪਏ ਪ੍ਰਤੀ ਕਾਰਡ ਸਰਕਾਰ ਵੱਲੋਂ ਦਿੱਤੇ ਜਾਣਗੇ। ਲੋਕਾਂ ਤੋਂ ਕਾਰਡ ਬਣਵਾਉਣ ਲਈ ਕਿਸੇ ਵੀ ਕਿਸਮ ਦੀ ਫੀਸ ਨਹੀਂ ਲਈ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਡੀਸੀ ਜਸਬੀਰ ਸਿੰਘ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲਗਭਗ 25 ਲੱਖ ਸਿਹਤ ਕਾਰਡ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਜ਼ਿਲ੍ਹੇ ਭਰ ’ਚ 497 ਕਾਮਨ ਸਰਵਿਸ ਸੈਂਟਰਾਂ ਨੂੰ ਕਾਰਡ ਬਣਾਉਣ ਤੇ ਲੋਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜ਼ਿਲ੍ਹੇ ਨੂੰ ਐੱਸਡੀਐੱਮ ਪੱਧਰ ’ਤੇ ਪੰਜ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਸੈਂਟਰਾਂ ਦੇ ਆਧਾਰ ’ਤੇ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਦੀ ਕੁੱਲ 1177 ਇਕਾਈਆਂ ਵਿੱਚ ਮੈਪਿੰਗ ਕੀਤੀ ਗਈ ਹੈ, ਜਿਨ੍ਹਾਂ ’ਚ 1035 ਪਿੰਡ ਅਤੇ 142 ਸ਼ਹਿਰੀ ਵਾਰਡ ਸ਼ਾਮਲ ਹਨ। ਯੋਜਨਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ, ਨਗਰ ਨਿਗਮ ਅਤੇ ਹੋਰ ਵਿਭਾਗਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਆਸ਼ਾ ਵਰਕਰ ਲੋਕਾਂ ਨੂੰ ਸੀਐੱਸਸੀ ਤੱਕ ਲਿਜਾਣ ਤੇ ਉਨ੍ਹਾਂ ਨੂੰ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਦੇਣਗੀਆਂ। ਸਿਹਤ ਵਿਭਾਗ ਦੇ ਡਾਕਟਰ, ਸੀਨੀਅਰ ਮੈਡੀਕਲ ਅਫ਼ਸਰ ਅਤੇ ਜ਼ਿਲ੍ਹਾ ਪੱਧਰੀ ਅਧਿਕਾਰੀ ਪੂਰੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ। ਆਮ ਆਦਮੀ ਪਾਰਟੀ ਦੇ ਵਾਰਡ ਅਤੇ ਹਲਕਾ ਪੱਧਰ ਦੇ ਮੈਂਬਰ ਕਾਰਡ ਬਣਾਉਣ ਅਤੇ ਵੰਡਣ ਵਿੱਚ ਸਹਿਯੋਗ ਕਰਨਗੇ। ਪਿੰਡਾਂ ਦੇ ਸਰਪੰਚ, ਸ਼ਹਿਰੀ ਕੌਂਸਲਰ, ਪਟਵਾਰੀ, ਨੰਬਰਦਾਰ, ਆਸ਼ਾ ਵਰਕਰਜ਼, ਏਐੱਨਐੱਮਜ਼, ਬਹੁ-ਉਦੇਸ਼ੀ ਸਿਹਤ ਕਰਮਚਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਮਿਲ ਕੇ ਟੀਮ ਵਜੋਂ ਕੰਮ ਕਰਨਗੇ। ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਕਾਰਡ ਬਣਵਾਉਣ ਲਈ ਵਿਅਕਤੀ ਦਾ ਪੰਜਾਬ ਦਾ ਨਿਵਾਸੀ ਹੋਣਾ ਲਾਜ਼ਮੀ ਹੈ। ਕਾਰਡ ਨਜ਼ਦੀਕੀ ਕਾਮਨ ਸਰਵਿਸ ਸੈਂਟਰ ’ਤੇ ਬਣਾਇਆ ਜਾ ਸਕਦਾ ਹੈ। ਰਜਿਸਟ੍ਰੇਸ਼ਨ ਲਈ ਆਧਾਰ ਕਾਰਡ ਤੇ ਵੋਟਰ ਕਾਰਡ ਜ਼ਰੂਰੀ ਹਨ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਆਧਾਰ ਕਾਰਡ ਅਤੇ ਮਾਤਾ ਜਾਂ ਪਿਤਾ ਵਿੱਚੋਂ ਕਿਸੇ ਇੱਕ ਦਾ ਵੋਟਰ ਕਾਰਡ ਜਾਂ ਪੰਜਾਬ ਵਿੱਚ ਰਹਿੰਦੇ ਸਰਪ੍ਰਸਤ ਦਾ ਵੋਟਰ ਕਾਰਡ ਲਾਜ਼ਮੀ ਹੈ। -ਪੂਰੇ ਪਰਿਵਾਰ ਦੀ ਰਜਿਸਟ੍ਰੇਸ਼ਨ ਇਕੱਠੇ ਕਰਵਾਉਣੀ ਜ਼ਰੂਰੀ ਹੈ? -ਵੱਖ-ਵੱਖ ਸਮੇਂ ’ਤੇ ਰਜਿਸਟ੍ਰੇਸ਼ਨ ਕਰਵਾਉਣ ’ਤੇ ਦੁਬਾਰਾ ਦਰਜ ਕਰਨਾ ਪੈ ਸਕਦਾ ਹੈ। -ਪੰਜਾਬ ਸਰਕਾਰ ਦੇ ਨਿਯਮਤ ਕਰਮਚਾਰੀ, ਪੈਨਸ਼ਨਰ ਤੇ ਠੇਕੇ ਜਾਂ ਆਊਟਸੋਰਸਿੰਗ ਅਧੀਨ ਕੰਮ ਕਰਦੇ ਕਰਮਚਾਰੀ ਵੀ ਇਸ ਯੋਜਨਾ ਦੇ ਯੋਗ ਹਨ। -ਯੋਜਨਾ ਅਧੀਨ ਦਿਲ ਦੀਆਂ ਬਿਮਾਰੀਆਂ, ਬਾਈਪਾਸ ਸਰਜਰੀ, ਕੈਂਸਰ, ਗੁਰਦਾ ਫੇਲ੍ਹ, ਗੁਰਦਾ ਤਬਦੀਲੀ, ਰੀੜ੍ਹ ਦੀ ਸਰਜਰੀ, ਗੋਡਾ ਅਤੇ ਚੂਲ੍ਹਾ ਬਦਲਣ, ਬੱਚਿਆਂ ਦੇ ਜਨਮਜਾਤ ਦਿਲ ਦੇ ਰੋਗ ਆਦਿ ਦਾ ਇਲਾਜ ਸ਼ਾਮਲ ਹੈ। ਪਲਾਸਟਿਕ ਸਰਜਰੀ ਇਸ ’ਚ ਸ਼ਾਮਲ ਨਹੀਂ ਹੈ। -ਰਜਿਸਟ੍ਰੇਸ਼ਨ ਦੌਰਾਨ ਪਰਿਵਾਰ ਦੇ ਹਰ ਮੈਂਬਰ ਦੀ ਬਾਇਓਮੈਟ੍ਰਿਕ ਜਾਣਕਾਰੀ, ਆਧਾਰ ਤੇ ਵੋਟਰ ਕਾਰਡ ਅੱਪਲੋਡ ਕੀਤੇ ਜਾਣਗੇ। ਸਿੱਧੀ ਤਸਵੀਰ ਖਿੱਚੀ ਜਾਵੇਗੀ ਤੇ ਮੋਬਾਈਲ ’ਤੇ ਸੁਨੇਹਾ ਭੇਜਿਆ ਜਾਵੇਗਾ। ਰਜਿਸਟ੍ਰੇਸ਼ਨ ਪੂਰੀ ਹੋਣ ਉਪਰੰਤ ਵਿਅਕਤੀ ਇਲਾਜ ਲਈ ਯੋਗ ਹੋਵੇਗਾ। ਕਾਰਡ 10 ਤੋਂ 15 ਦਿਨਾਂ ’ਚ ਮਿਲ ਜਾਵੇਗਾ। ਇਨ੍ਹਾਂ ਕੇਂਦਰਾਂ ’ਚ ਬਣਨਗੇ ਕਾਰਡ ਸਰਕਾਰੀ ਸਿਹਤ ਕੇਂਦਰਾਂ ’ਚ ਸੇਵਾਵਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਤੇ ਕਾਮਨ ਸਰਵਿਸ ਸੈਂਟਰਾਂ ’ਚ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਉਪਲਬਧ ਰਹਿਣਗੀਆਂ। ਪਹਿਲੇ 15 ਦਿਨਾਂ ਤੱਕ ਸੀਐੱਸਸੀ ਕੇਂਦਰਾਂ ਤੇ ਸਰਕਾਰੀ ਸਿਹਤ ਕੇਂਦਰਾਂ ’ਚ ਕਾਰਡ ਬਣਾਉਣ ਲਈ ਦਰਜ ਕਰਨ ਦਾ ਕੰਮ ਕੀਤਾ ਜਾਵੇਗਾ। ਇਸ ਤੋਂ ਬਾਅਦ ਸਰਕਾਰ ਦੇ ਹੁਕਮਾਂ ਅਨੁਸਾਰ ਅਗਲੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਵਿਭਾਗ ਵੱਲੋਂ ਜ਼ਿਲ੍ਹੇ ’ਚ ਸੀਐੱਸਸੀ ਤੋਂ ਇਲਾਵਾ ਹੇਠ ਲਿਖੇ ਸਰਕਾਰੀ ਕੇਂਦਰਾਂ ’ਚ ਵੀ ਕਾਰਡ ਬਣਾਏ ਜਾਣਗੇ : ਸਿਵਲ ਹਸਪਤਾਲ ਜਲੰਧਰ, ਸਿਵਲ ਹਸਪਤਾਲ ਨਕੋਦਰ, ਸਿਵਲ ਹਸਪਤਾਲ ਫਿਲੌਰ, ਕਮਿਊਨਟੀ ਸਿਹਤ ਕੇਂਦਰ ਨੂਰਮਹਿਲ, ਬੜਾ ਪਿੰਡ, ਬੁੰਡਾਲਾ, ਕਾਲਾ ਬੱਕਰਾ, ਕਰਤਾਰਪੁਰ, ਲੋਹੀਆਂ ਖ਼ਾਸ, ਸ਼ਾਹਕੋਟ, ਸ਼ੰਕਰ, ਅਪਰਾ, ਆਦਮਪੁਰ, ਪੀਏਪੀ ਜਲੰਧਰ, ਸ਼ਹਿਰੀ ਕਮਿਊਨਟੀ ਸਿਹਤ ਕੇਂਦਰ ਬਸਤੀ ਗੁਜਾਂ, ਦਾਦਾ ਕਾਲੋਨੀ ਤੇ ਖੁਰਲਾ ਕਿੰਗਰਾ। ਇਨ੍ਹਾਂ ਹਸਪਤਾਲਾਂ ’ਚ ਮਿਲੇਗੀ ਨਕਦ-ਰਹਿਤ ਸਿਹਤ ਸੇਵਾ ਜ਼ਿਲ੍ਹੇ ’ਚ ਹੁਣ ਤੱਕ 14 ਸਰਕਾਰੀ ਅਤੇ 45 ਨਿੱਜੀ ਹਸਪਤਾਲ ਇਸ ਯੋਜਨਾ ਅਧੀਨ ਪੈਨਲਬੱਧ ਕੀਤੇ ਗਏ ਹਨ। ਇਨ੍ਹਾਂ ਵਿੱਚ ਦੋਆਬਾ ਹਸਪਤਾਲ, ਡਾ. ਜਗਨਪ੍ਰੀਤ ਮੁਲਤਾਨੀ ਹਸਪਤਾਲ, ਕਮਲ ਬਹੁ-ਵਿਸ਼ੇਸ਼ਤਾ ਹਸਪਤਾਲ, ਨਿਊ ਹੋਪ ਸਟੋਨ ਤੇ ਫਰਟੀਲਿਟੀ ਕਲੀਨਿਕ, ਪਸਰੀਚਾ ਹਸਪਤਾਲ ਅਤੇ ਮੈਟਰਨਿਟੀ ਹੋਮ, ਏਪੇਕਸ ਹਸਪਤਾਲ ਤੇ ਮੈਟਰਨਿਟੀ ਹੋਮ, ਅਰਮਾਨ ਹਸਪਤਾਲ, ਮਾਨ ਮੈਡੀਸਿਟੀ, ਡਾਂਗ ਨਰਸਿੰਗ ਹੋਮ, ਨਿਊ ਰੂਬੀ ਹਸਪਤਾਲ, ਰਣਜੀਤ ਹਸਪਤਾਲ, ਅਰੋੜਾ ਆਈ ਹਸਪਤਾਲ ਅਤੇ ਰੈਟੀਨਾ ਸੈਂਟਰ, ਗਲੋਬਲ ਹਸਪਤਾਲ, ਜੋਸ਼ੀ ਹਸਪਤਾਲ ਤੇ ਟਰੌਮਾ ਸੈਂਟਰ, ਅਮਰ ਹਸਪਤਾਲ, ਸਿਗਮਾ ਹਸਪਤਾਲ, ਅਕਾਲ ਆਈ ਹਸਪਤਾਲ, ਰਤਨ ਹਸਪਤਾਲ, ਸ਼ਕੁੰਤਲਾ ਦੇਵੀ ਵਿੱਗ ਹਸਪਤਾਲ, ਕੇਅਰ ਬੈਸਟ ਸੁਪਰ ਸਪੈਸ਼ਲਟੀ ਹਸਪਤਾਲ, ਮਹਾਜਨ ਆਈ ਹਸਪਤਾਲ, ਅਰੋੜਾ ਨਰਸਿੰਗ ਹੋਮ ਫਿਲੌਰ, ਘਈ ਹਸਪਤਾਲ, ਬੀਬੀਸੀ ਹਾਰਟ ਕੇਅਰ, ਸਿੱਕਾ ਹਸਪਤਾਲ, ਦੁੱਗਲ ਆਈ ਹਸਪਤਾਲ, ਐੱਨਐੱਚਐੱਸ ਹਸਪਤਾਲ, ਸਰਵੋਦਿਆ ਹਸਪਤਾਲ, ਕਿਡਨੀ ਹਸਪਤਾਲ, ਲਾਈਫ ਲਾਈਨ ਮੈਡੀਕਲ ਇੰਸਟੀਚਿਊਟ, ਪੀਐੱਮਜੀ ਬੱਚਿਆਂ ਦਾ ਹਸਪਤਾਲ, ਏਐੱਨ ਨਿਊਰੋ ਕਰਿਟੀਕਲ ਕੇਅਰ ਸੈਂਟਰ, ਸੀਐੱਮਸੀ ਹਸਪਤਾਲ, ਸ਼ਰਨਜੀਤ ਹਸਪਤਾਲ, ਕੈਪੀਟਲ ਹਸਪਤਾਲ, ਡਾ. ਥਿੰਦ ਆਈ ਹਸਪਤਾਲ, ਗੰਗਾ ਆਰਥੋਕੇਅਰ, ਐਮਜ਼ ਸੰਜੀਵਨੀ ਹਸਪਤਾਲ, ਕਮਲ ਹਸਪਤਾਲ, ਐਚਪੀ ਆਰਥੋਕੇਅਰ, ਐਟਲਸ ਬਹੁ-ਵਿਸ਼ੇਸ਼ਤਾ ਹਸਪਤਾਲ, ਕਪੂਰ ਬੋਨ ਤੇ ਬੱਚਿਆਂ ਦਾ ਹਸਪਤਾਲ, ਗੋਇਲ ਕਿਡਨੀ ਕੇਅਰ, ਆਸਥਾ ਹਸਪਤਾਲ, ਕਪਿਲ ਹਸਪਤਾਲ, ਐੱਸਕੇ ਸੰਜੀਵ ਬਹੁ-ਵਿਸ਼ੇਸ਼ਤਾ ਹਸਪਤਾਲ, ਨੈਸ਼ਨਲ ਆਈ ਕੇਅਰ ਹਸਪਤਾਲ ਤੇ ਡੀਐੱਮਸੀ ਹਸਪਤਾਲ ਅਤੇ ਟਰੌਮਾ ਸੈਂਟਰ ਸ਼ਾਮਲ ਹਨ। ਇਸ ਤੋਂ ਇਲਾਵਾ ਸਰਕਾਰੀ ਪੱਧਰ ’ਤੇ ਜ਼ਿਲ੍ਹਾ ਹਸਪਤਾਲ, ਉਪ-ਮੰਡਲ ਹਸਪਤਾਲ ਤੇ ਕਮਿਊਨਟੀ ਸਿਹਤ ਕੇਂਦਰ ਵੀ ਯੋਜਨਾ ’ਚ ਸ਼ਾਮਲ ਹਨ।