ਹਾਈਵੇ ’ਤੇ ਕਾਰ-ਬੱਸ ਹਾਦਸੇ ’ਚ ਦੋ ਗੰਭੀਰ ਜ਼ਖ਼ਮੀ
ਜਲੰਧਰ-ਪਠਾਨਕੋਟ ਹਾਈਵੇ ’ਤੇ ਕਾਰ-ਬੱਸ ਹਾਦਸਾ, ਦੋ ਗੰਭੀਰ ਜ਼ਖਮੀ
Publish Date: Tue, 27 Jan 2026 09:29 PM (IST)
Updated Date: Tue, 27 Jan 2026 09:31 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ’ਤੇ ਅੱਡਾ ਰਾਏਪੁਰ ਰਸੂਲਪੁਰ ਨੇੜੇ ਅੱਜ ਸਵੇਰੇ ਇਕ ਕਾਰ-ਬੱਸ ਹਾਦਸਾ ਹੋਇਆ। ਸਵਿਫਟ ਡਿਜ਼ਾਇਰ ਕਾਰ, ਜੋ ਕਿ ਬੈਂਸ ਅਵਾਣ, ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਕਿਰਪਾਲ ਸਿੰਘ ਪੁੱਤਰ ਬੰਤਾ ਸਿੰਘ ਵੱਲੋਂ ਚਲਾਈ ਜਾ ਰਹੀ ਸੀ, ਟਾਂਡੇ ਵਾਲੀ ਸਾਈਡ ਤੋਂ ਆ ਰਹੀ ਬੱਸ ਨਾਲ ਟੱਕਰ ਮਾਰਨ ਤੋਂ ਬਾਅਦ ਬੇਕਾਬੂ ਹੋ ਗਈ ਤੇ ਡਿਵਾਈਡਰ ਪਾਰ ਕਰਕੇ ਦੂਜੇ ਪਾਸੇ ਨਹਿਰ ਦੇ ਕੰਢੇ ਡਿੱਗ ਗਈ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ’ਚ ਬੈਠੇ ਤਿੰਨ ਲੋਕਾਂ ’ਚੋਂ ਦੋ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ’ਚ ਕਿਰਪਾਲ ਸਿੰਘ ਤੇ ਨਰਿੰਦਰ ਸਿੰਘ, ਦੋਵੇਂ ਪੁੱਤਰ ਬੰਤਾ ਸਿੰਘ ਵਾਸੀ ਬੈਂਸ ਅਵਾਣ ਨੂੰ ਕਾਫ਼ੀ ਸੱਟਾਂ ਲੱਗੀਆਂ। ਪਿਛਲੀ ਸੀਟ ’ਤੇ ਬੈਠੀ ਔਰਤ ਸੁਰੱਖਿਅਤ ਰਹੀ। ਮੌਕੇ ਤੋਂ ਲੰਘ ਰਹੇ ਰਾਹਗੀਰਾਂ ਤੇ ਸਥਾਨਕ ਲੋਕਾਂ ਨੇ 108 ਐਂਬੂਲੈਂਸ ਬੁਲਾਈ ਤੇ ਜ਼ਖਮੀਆਂ ਨੂੰ ਨੇੜਲੇ ਨਿੱਜੀ ਹਸਪਤਾਲ ’ਚ ਭੇਜਿਆ। ਸੜਕ ਸੁਰੱਖਿਆ ਬਲ ਦੀ ਟੀਮ ਹਸਪਤਾਲ ਤੇ ਮੌਕੇ ’ਤੇ ਪਹੁੰਚੀ ਤੇ ਹਾਦਸੇ ਦੀ ਜਾਣਕਾਰੀ ਥਾਣਾ ਮਕਸੂਦਾਂ ਨੂੰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ, ਬੱਸ ਡਰਾਈਵਰ ਹਾਦਸੇ ਤੋਂ ਬਾਅਦ ਬੱਸ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਉਸ ਦੀ ਭਾਲ ਕਰ ਰਹੀ ਹੈ ਤੇ ਘਟਨਾ ਦੀ ਜਾਂਚ ਜਾਰੀ ਹੈ। ਹਾਦਸੇ ਨੇ ਇਕ ਵਾਰ ਫਿਰ ਸੜਕ ਸੁਰੱਖਿਆ ਦੀ ਅਹਿਮੀਅਤ ਨੂੰ ਦਰਸਾਇਆ ਤੇ ਇਸ ਗੰਭੀਰ ਹਾਦਸੇ ਤੋਂ ਬਚਾਅ ਕਾਰ ’ਚ ਸੀਟ ਬੈਲਟ ਦੀ ਵਰਤੋਂ ਕਾਰਗਰ ਸਾਬਤ ਹੋਈ।