ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਕਰਵਾਇਆ
ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ ਕਰਵਾਇਆ
Publish Date: Sun, 11 Jan 2026 07:01 PM (IST)
Updated Date: Mon, 12 Jan 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੀਬੀਐੱਸਈ ਵੱਲੋਂ ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ ਵਿਖੇ ਅਧਿਆਪਕਾਂ ਲਈ ਸਮਰੱਥਾ ਨਿਰਮਾਣ ਸਿਖਲਾਈ ਪ੍ਰੋਗਰਾਮ (ਹੁਨਰ ਵਿਕਾਸ ਵਰਕਸ਼ਾਪ) ਕਰਵਾਇਆ, ਜਿਸ ’ਚ ਸਕੂਲ ਦੇ ਸਾਰੇ ਅਧਿਆਪਕਾਂ ਨੇ ਤਿੰਨ ਸਮੂਹਾਂ ’ਚ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਡਾ. ਰਸ਼ਮੀ ਵਿਜ ਤੇ ਸਰੋਤ ਵਿਅਕਤੀਆਂ ਵੱਲੋਂ ਦੀਵਾ ਜਗਾ ਕੇ ਕੀਤੀ ਗਈ। ਡਾ. ਵਿਜ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਿੱਖਿਆ ’ਚ ਨਵੀਨਤਾ ਤੇ ਅਧਿਆਪਕਾਂ ਦੀ ਲਗਾਤਾਰ ਪੇਸ਼ੇਵਰ ਵਿਕਾਸ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਵਰਕਸ਼ਾਪ ਦੇ ਮੁੱਖ ਵਿਸ਼ਿਆਂ ’ਚ “ਸਿੱਖਿਆ ਸ਼ਾਸਤਰ ਦੇ ਰੂਪ ’ਚ ਕਹਾਣੀ ਸੁਣਾਉਣਾ”, ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਤੰਦਰੁਸਤੀ, ਤੇ ਸਿੱਖਣ ਦੇ ਨਤੀਜੇ ਤੇ ਸਿੱਖਿਆ ਸ਼ਾਸਤਰ ਸ਼ਾਮਲ ਸਨ। ਮੁੱਖ ਸਰੋਤ ਵਿਅਕਤੀਆਂ ਵਜੋਂ ਅਜੇਂਦਰ ਤਿਵਾੜੀ (ਪ੍ਰਿੰਸੀਪਲ, ਬਾਬਾ ਈਸ਼ਰ ਸਿੰਘ ਪਬਲਿਕ ਸਕੂਲ, ਅੰਮ੍ਰਿਤਸਰ), ਡਾ. ਰਮਨ ਦੁਆ (ਪ੍ਰਿੰਸੀਪਲ, ਮਾਝਾ ਪਬਲਿਕ ਸਕੂਲ, ਸਰਹਾਲੀ), ਗੁਰਭੇਜ ਸਿੰਘ ਨਾਗੀ (ਪ੍ਰਿੰਸੀਪਲ, ਗੁਰੂ ਨਾਨਕ ਪਬਲਿਕ ਸਕੂਲ, ਲੁਧਿਆਣਾ), ਸੁਨੈਨਾ ਕਪੂਰ (ਪ੍ਰਿੰਸੀਪਲ, ਗੀਤਾਂਜਲੀ ਇੰਟਰਨੈਸ਼ਨਲ ਸਕੂਲ, ਲੁਧਿਆਣਾ), ਰੋਹਿਣੀ ਰੋਹਿਤ ਗੁਰੂੰਗ (ਪ੍ਰਿੰਸੀਪਲ, ਪੋਦਾਰ ਇੰਟਰਨੈਸ਼ਨਲ ਸਕੂਲ, ਜਲੰਧਰ) ਤੇ ਰਾਜਵਿੰਦਰ ਪਾਲ (ਸਾਬਕਾ ਪ੍ਰਿੰਸੀਪਲ, ਐੱਮਜੀਐੱਨ ਪਬਲਿਕ ਸਕੂਲ, ਜਲੰਧਰ) ਹਾਜ਼ਰ ਸਨ। ਵਰਕਸ਼ਾਪ ਦੌਰਾਨ ਕਹਾਣੀ ਸੁਣਾਉਣ ਨੂੰ ਪ੍ਰਭਾਵਸ਼ਾਲੀ ਅਧਿਆਪਨ ਸਾਧਨ ਵਜੋਂ ਵਰਤਣ, ਡੇਵਿਡ ਕੋਲਬ ਦੇ ਸਿੱਖਣ ਚੱਕਰ, ਸਿੱਖਣ ਦੇ ਨਤੀਜਿਆਂ, ਮਾਨਸਿਕ ਸਿਹਤ, ਤਣਾਅ ਪ੍ਰਬੰਧਨ ਤੇ ਅਧਿਆਪਕਾਂ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਤੇ ਵੱਖ-ਵੱਖ ਗਤੀਵਿਧੀਆਂ ਤੇ ਵੀਡੀਓਜ਼ ਰਾਹੀਂ ਅਧਿਆਪਕਾਂ ਨੂੰ ਪ੍ਰਯੋਗਿਕ ਜਾਣਕਾਰੀ ਦਿੱਤੀ ਗਈ। ਅੰਤ ’ਚ ਡਾ. ਰਸ਼ਮੀ ਵਿੱਜ ਨੇ ਸਾਰੇ ਸਰੋਤ ਵਿਅਕਤੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਅਧਿਆਪਕਾਂ ਨੂੰ ਆਧੁਨਿਕ ਅਧਿਆਪਨ ਤਕਨੀਕਾਂ ਨਾਲ ਜੋੜਨ ’ਚ ਮਦਦਗਾਰ ਹਨ। ਇਸ ਸਿਖਲਾਈ ਪ੍ਰੋਗਰਾਮ ਦਾ ਤਾਲਮੇਲ ਅਧਿਆਪਕਾ ਚੰਦਰ ਮੋਹਿਨੀ ਵੱਲੋਂ ਕੀਤਾ ਗਿਆ।