ਕੈਂਸਰ ਜਾਗਰੂਕਤਾ ਸੈਮੀਨਾਰ ਲਾਇਆ
ਪੰਜਾਬ ਪ੍ਰੈੱਸ ਕਲੱਬ ਵੱਲੋਂ ਫੋਰਟਿਸ ਜਲੰਧਰ ਦੇ ਸਹਿਯੋਗ ਨਾਲ ਕੈਂਸਰ ਜਾਗਰੂਕਤਾ ਸੈਮੀਨਾਰ
Publish Date: Fri, 06 Feb 2026 10:11 PM (IST)
Updated Date: Fri, 06 Feb 2026 10:14 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਪ੍ਰੈੱਸ ਕਲੱਬ ਵੱਲੋਂ ਫੋਰਟਿਸ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਕੈਂਸਰ ਜਾਗਰੂਕਤਾ ਸਿਹਤ ਦਾ ਸੈਮੀਨਾਰ ਕਰਵਾਇਆ ਗਿਆ, ਜਿਸ ’ਚ 50 ਤੋਂ ਵੱਧ ਮੀਡੀਆ ਪ੍ਰੋਫੈਸ਼ਨਲਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ, ਸਕੱਤਰ ਰਾਜੇਸ਼ ਯੋਗੀ, ਸੰਯੁਕਤ ਸਕੱਤਰ ਸੁਕਰਾਂਤ ਸਫ਼ਰੀ, ਖ਼ਜ਼ਾਨਚੀ ਸ਼ਿਵ ਸ਼ਰਮਾ, ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ, ਸੀਨੀਅਰ ਪੱਤਰਕਾਰ ਮਦਨ ਭਾਰਦਵਾਜ ਤੇ ਰਾਜੇਸ਼ ਸ਼ਰਮਾ ਵੱਲੋਂ ਫੋਰਟਿਸ ਹਸਪਤਾਲ ਜਲੰਧਰ ਦੀ ਮਾਹਿਰ ਡਾਕਟਰਾਂ ਦੀ ਟੀਮ ਦਾ ਸਵਾਗਤ ਤੇ ਸਨਮਾਨ ਕੀਤਾ ਗਿਆ। ਉਨ੍ਹਾਂ ਨੇ ਕੈਂਸਰ ਵਰਗੀ ਗੰਭੀਰ ਬਿਮਾਰੀ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਫੋਰਟਿਸ ਟੀਮ ਦੀ ਪ੍ਰਸੰਸਾ ਕੀਤੀ। ਫੋਰਟਿਸ ਹਸਪਤਾਲ ਦੇ ਮਾਹਿਰਾਂ ਨੇ ਦੱਸਿਆ ਕਿ ਸਮੇਂ ਸਿਰ ਸਕ੍ਰੀਨਿੰਗ ਤੇ ਜਲਦੀ ਪਛਾਣ ਨਾਲ ਕੈਂਸਰ ਤੋਂ ਬਚਾਅ ਸੰਭਵ ਹੈ। ਪੰਜਾਬ ’ਚ ਛਾਤੀ, ਸਰਵਾਈਕਲ, ਮੂੰਹ ਤੇ ਫੇਫੜਿਆਂ ਦੇ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿਨ੍ਹਾਂ ਦਾ ਮੁੱਖ ਕਾਰਨ ਦੇਰੀ ਨਾਲ ਪਛਾਣ ਅਤੇ ਜਾਗਰੂਕਤਾ ਦੀ ਘਾਟ ਹੈ। ਸੈਸ਼ਨ ਦੌਰਾਨ ਤੰਬਾਕੂ ਤੋਂ ਬਚਾਅ, ਸਿਹਤਮੰਦ ਜੀਵਨ ਸ਼ੈਲੀ, ਨਿਯਮਤ ਜਾਂਚ ਤੇ ਮਲਟੀ-ਡਿਸਿਪਲਿਨਰੀ ਇਲਾਜ ਦੀ ਮਹੱਤਤਾ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮਾਹਿਰਾਂ ਨੇ ਦੱਸਿਆ ਕਿ ਆਧੁਨਿਕ ਓਨਕੋਲੋਜੀ, ਟਾਰਗੇਟੇਡ ਥੈਰੇਪੀ, ਇਮਿਊਨੋਥੈਰੇਪੀ, ਅਡਵਾਂਸਡ ਰੇਡੀਏਸ਼ਨ ਤੇ ਪੀਈਟੀ-ਸੀਟੀ ਵਰਗੀਆਂ ਤਕਨੀਕਾਂ ਨਾਲ ਕੈਂਸਰ ਇਲਾਜ ਹੁਣ ਹੋਰ ਪ੍ਰਭਾਵਸ਼ਾਲੀ ਬਣ ਚੁੱਕਾ ਹੈ। ਫੋਰਟਿਸ ਹਸਪਤਾਲ ਜਲੰਧਰ ਦੀ ਟੀਮ ’ਚ ਡਾ. ਅਰੁਣ ਕੁਮਾਰ ਸ਼ਰਮਾ, ਡਾ. ਨਵਦੀਪ ਸਿੰਘ, ਡਾ. ਰਾਹੁਲ ਚੌਧਰੀ, ਡਾ. ਰੇਵੰਤ ਮੁਰਾਹਾਰੀ, ਡਾ. ਬੁਰਹਾਨ ਵਾਨੀ ਤੇ ਡਾ. ਮੈਥਿਲੀ ਸ਼ਰਮਾ ਸ਼ਾਮਲ ਸਨ। ਪੰਜਾਬ ਪ੍ਰੈੱਸ ਕਲੱਬ ਦੇ ਅਧਿਕਾਰੀਆਂ ਨੇ ਕਿਹਾ ਕਿ ਸਮਾਜਕ ਭਲਾਈ ਲਈ ਇਸ ਤਰ੍ਹਾਂ ਦੇ ਸਿਹਤ ਜਾਗਰੂਕਤਾ ਪ੍ਰੋਗਰਾਮ ਬਹੁਤ ਜ਼ਰੂਰੀ ਹਨ ਤੇ ਭਵਿੱਖ ’ਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ।