ਨਵਨੀਤ ਬਿੱਟੂ ਨੂੰ ‘ਗ਼ਦਾਰ ਦੋਸਤ’ ਕਹਿਣਾ ਨਿੰਦਣਯੋਗ : ਡੱਲੀ
ਕੇਂਦਰੀ ਮੰਤਰੀ ਨਵਨੀਤ ਬਿੱਟੂ ਨੂੰ ‘ਗ਼ਦਾਰ ਦੋਸਤ’ ਕਹਿਣਾ ਨਿੰਦਣਯੋਗ: ਹਰਵਿੰਦਰ ਸਿੰਘ ਡੱਲੀ
Publish Date: Wed, 04 Feb 2026 07:00 PM (IST)
Updated Date: Thu, 05 Feb 2026 04:08 AM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਹਲਕਾ ਆਦਮਪੁਰ ਤੋਂ ਭਾਜਪਾ ਦੇ ਇੰਚਾਰਜ ਹਰਵਿੰਦਰ ਸਿੰਘ ਡੱਲੀ ਨੇ ਕੇਂਦਰੀ ਰੇਲ ਮੰਤਰੀ ਨਵਨੀਤ ਬਿੱਟੂ ਨੂੰ ਸੰਸਦ ’ਚ ਦਾਖ਼ਲ ਹੋਣ ਸਮੇਂ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ‘ਗ਼ਦਾਰ ਦੋਸਤ’ ਕਹਿਣ ਦੀ ਸਖ਼ਤ ਸ਼ਬਦਾਂ ’ਚ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਰਾਹੁਲ ਗਾਂਧੀ ਵੱਲੋਂ ਬਹੁਤ ਹੀ ਨੀਵੇਂ ਪੱਧਰ ਦੀ ਸਿਆਸਤ ਦਾ ਪ੍ਰਗਟਾਵਾ ਹੈ। ਹਰਵਿੰਦਰ ਸਿੰਘ ਡੱਲੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦਾ ਆਪਣੀ ਮਰਜ਼ੀ ਅਨੁਸਾਰ ਰਾਜਨੀਤਿਕ ਪਾਰਟੀ ਚੁਣਨਾ ਜਾਂ ਬਦਲਣਾ ਉਸ ਦਾ ਲੋਕਤੰਤਰਿਕ ਤੇ ਮੌਲਿਕ ਅਧਿਕਾਰ ਹੈ। ਪਾਰਟੀ ਬਦਲਣ ਦੇ ਆਧਾਰ ’ਤੇ ਕਿਸੇ ਸਿੱਖ ਮੰਤਰੀ ਨੂੰ ‘ਗ਼ਦਾਰ’ ਕਹਿਣਾ ਬਹੁਤ ਹੀ ਨਿੰਦਣਯੋਗ ਤੇ ਅਪਮਾਨਜਨਕ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਸਮਾਜ ’ਚ ਵੰਡ ਪੈਦਾ ਕਰਨ ਦੀ ਕੋਸ਼ਿਸ਼ ਹਨ। ਇਸ ਮੌਕੇ ਮੌਜੂਦ ਭਾਜਪਾ ਵਰਕਰਾਂ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਸਿੱਖ ਸਮੁਦਾਇ ਦੀ ਛਵੀ ਨੂੰ ਨੀਵਾਂ ਦਿਖਾਉਣ ਵਾਲੀਆਂ ਕੋਸ਼ਿਸ਼ਾਂ ’ਤੇ ਰੋਕ ਲਗ ਸਕੇ। ਹਰਵਿੰਦਰ ਸਿੰਘ ਡੱਲੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ 1984 ’ਚ ਸਿੱਖ ਕੌਮ ਨਾਲ ਹੋਈਆਂ ਘਟਨਾਵਾਂ ਅਜੇ ਵੀ ਇਤਿਹਾਸ ਦਾ ਕਾਲਾ ਅਧਿਆਇ ਹਨ ਤੇ ਅੱਜ ਉਸੇ ਪਾਰਟੀ ਵੱਲੋਂ ਸਿੱਖਾਂ ਨੂੰ ‘ਗ਼ਦਾਰ’ ਕਹਿਣਾ ਬਹੁਤ ਹੀ ਅਫ਼ਸੋਸਜਨਕ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਗੈਰ-ਜ਼ਿੰਮੇਵਾਰ ਤੇ ਅਪਮਾਨਜਨਕ ਬਿਆਨ ਇਹ ਦਰਸਾਉਂਦੇ ਹਨ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਦਿਸ਼ਾਹੀਣ ਹੋ ਚੁੱਕੀ ਹੈ। ਇਸ ਮੌਕੇ ਸੁਖਵਿੰਦਰ ਸਿੰਘ ਕਾਹਲੋ, ਬਲਜਿੰਦਰਪਾਲ ਸਿੰਘ ਡੱਲੀ, ਸਾਹਿਲ ਭੋਗਪੁਰ, ਆਨੁਜ ਕੁਮਾਰ, ਜਤਿੰਦਰ ਸਿੰਘ ਬੰਟੀ ਸਮੇਤ ਹੋਰ ਭਾਜਪਾ ਵਰਕਰ ਹਾਜ਼ਰ ਸਨ।