ਕੈਬਨਿਟ ਮੰਤਰੀ ਭਗਤ ਵੱਲੋਂ ਸਟ੍ਰੀਟ ਲਾਈਟ ਪ੍ਰਾਜੈਕਟ ਦਾ ਉਦਘਾਟਨ
ਕੈਬਨਿਟ ਮੰਤਰੀ ਵੱਲੋਂ ਸਟ੍ਰੀਟ ਲਾਈਟ ਪ੍ਰਾਜੈਕਟ ਦਾ ਉਦਘਾਟਨ
Publish Date: Fri, 20 Feb 2026 06:28 PM (IST)
Updated Date: Fri, 20 Feb 2026 06:30 PM (IST)

-4.66 ਕਰੋੜ ਦੇ ਪ੍ਰਾਜੈਕਟ ਤਹਿਤ ਲਾਈਆਂ ਜਾਣਗੀਆਂ 6 ਹਜ਼ਾਰ ਸਟ੍ਰੀਟ ਲਾਈਟਾਂ ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਵੱਲੋਂ ਵੀਰਵਾਰ ਨੂੰ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਹੁਲਾਰਾ ਦਿੰਦਿਆਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਵਿਖੇ ਨਾਖਾ ਵਾਲੇ ਬਾਗ ਤੋਂ ਨਕੋਦਰ ਰੋਡ ਤੱਕ ਤੇ ਘਾਹ ਮੰਡੀ ਤੋਂ ਕੋਟ ਸਦੀਕ ਨਹਿਰ ਤੱਕ ਨਵੀਆਂ ਸਟ੍ਰੀਟ ਲਾਈਟਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਕੈਬਨਿਟ ਮੰਤਰੀ ਨੇ ਦੱਸਿਆ ਕਿ 4.66 ਕਰੋੜ ਦੇ ਇਸ ਪ੍ਰੋਜੈਕਟ ਤਹਿਤ 6 ਹਜ਼ਾਰ ਸਟ੍ਰੀਟ ਲਾਈਟ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਹਿਤ ਨਕੋਦਰ ਰੋਡ ਤੋਂ ਨਾਖਾ ਵਾਲਾ ਬਾਗ ਤੱਕ, ਤਿਲਕ ਨਗਰ, ਦਸਮੇਸ਼ ਨਗਰ ਤੱਕ ਤੇ ਤੂਰ ਇਨਕਲੇਵ ਵਾਲੇ ਪਾਸੇ ਨੂੰ ਕਵਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਟ੍ਰੀਟ ਲਾਈਟਾਂ ਲੱਗਣ ਨਾਲ ਇਨ੍ਹਾਂ ਇਲਾਕਿਆਂ ਦੇ ਲੋਕਾਂ ਦੀ ਪ੍ਰਮੁੱਖ ਮੰਗ ਪੂਰੀ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟ੍ਰੀਟ ਦੇ ਲੱਗਣ ਨਾਲ ਜਿਥੇ ਇਲਾਕੇ ਦੇ ਲੋਕਾਂ ਨੂੰ ਰਾਤ ਨੂੰ ਹਨੇਰੇ ’ਚ ਆਉਣ-ਜਾਣ ’ਚ ਸੌਖ ਹੋਵੇਗੀ ਉਥੇ ਸੁਰੱਖਿਅਤ ਮਾਹੌਲ ਮਿਲੇਗਾ। ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਤੇ ਆਉਣ ਵਾਲੇ ਦਿਨਾਂ ’ਚ ਹੋਰ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਮੌਕੇ ਜ਼ਿਲ੍ਹਾ ਮੀਡੀਆ ਇੰਚਾਰਜ ਸੰਜੀਵ ਭਗਤ, ਕੌਂਸਲਰ ਅਜੈ ਬੱਬਲ ਤੇ ਆਮ ਆਦਮੀ ਪਾਰਟੀ ਦੀ ਸਮੂਹ ਅਹੁਦੇਦਾਰ ਤੇ ਵਰਕਰ ਵੀ ਮੌਜੂਦ ਸਨ।