ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਾ ਕੇ ਸਰਕਾਰ ਨੇ ਔਰਤਾਂ ਨੂੰ ਬਾਲਣ ਵਰਤਣ ਲਈ ਕੀਤਾ ਮਜਬੂਰ
ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਾ ਕੇ ਸਰਕਾਰ ਨੇ ਔਰਤਾਂ ਨੂੰ ਬਾਲਣ ਵਰਤ ਕੇ ਚੁੱਲ੍ਹੇ ਵਰਤਣ ਲਈ ਕੀਤਾ ਮਜਬੂਰ
Publish Date: Sun, 08 Mar 2026 08:07 PM (IST)
Updated Date: Mon, 09 Mar 2026 04:13 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਬੀਤੇ ਦਿਨੀਂ ਸਰਕਾਰ ਵੱਲੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਾਉਣ ’ਤੇ ਹਰ ਵਰਗ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਖਾਸ ਕਰਕੇ ਔਰਤਾਂ ਵੱਲੋਂ ਆਪਣੀ ਮਜ਼ਬੂਰੀ ਬਿਆਨ ਕਰਦਿਆਂ ਹੋਇਆ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਗੈਸ ਸਿਲੰਡਰ ਦੀਆਂ ਕੀਮਤਾਂ ਵਧਾਉਣ ਦੀ ਬਜਾਏ ਕੀਮਤਾਂ ਘਟਾਉਣ ਵੱਲ ਧਿਆਨ ਦਿੱਤਾ ਜਾਵੇ। --------------------------- ਔਰਤਾਂ ਨੂੰ ਚੁੱਲ੍ਹੇ ਦਾ ਧੂਆਂ ਮੁੜ ਫੱਕਣ ਲਈ ਮਜਬੂਰ ਕਰ ਰਹੀ ਸਰਕਾਰ ਸਮਾਜ ਸੇਵਿਕਾ ਪ੍ਰਵੀਨ ਅਬਰੋਲ ਦਾ ਕਹਿਣਾ ਹੈ ਕਿ ਪਹਿਲਾਂ ਹੀ ਸਰਕਾਰ ਦੀਆਂ ਮਾਂੜੀਆ ਨੀਤੀਆਂ ਦੇ ਚਲਦਿਆਂ ਦਾਲਾਂ, ਖਾਣ ਪੀਣ ਵਾਲੀਆ ਵਸਤਾਂ ਤੇ ਸਰ੍ਹੋਂ ਦੇ ਤੇਲ ਦੀ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਤੇ ਹੁਣ ਫਿਰ ਗੈਸ ਸਿਲੰਡਰ ਦੀ ਕੀਮਤ ਵਧਾ ਕੇ ਸਰਕਾਰ ਨੇ ਹੋਰ ਨਵਾਂ ਬੋਝ ਪਾ ਦਿਤਾ ਹੈ। ਉਨ੍ਹਾਂ ਕਿਹਾ ਇਕ ਪਾਸੇ ਕੇਂਦਰ ਸਰਕਾਰ ਪੂਰੇ ਦੇਸ਼ ਚ ਘਰੇਲੂ ਔਰਤਾਂ ਨੂੰ ਚੁੱਲ੍ਹੇ ਦੇ ਧੂੰਏਂ ਤੋਂ ਨਿਜਾਤ ਦਿਵਾਉਣ ਦੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਗੈਸ ਸਿਲੰਡਰ ਦੀ ਕੀਮਤ ਵਾਧਾ ਕਰਕੇ ਮੁੜ ਔਰਤਾਂ ਨੂੰ ਬਾਲਣ ਵਰਤ ਕੇ ਚੁੱਲ੍ਹੇ ਦਾ ਧੂਆਂ ਮੁੜ ਫੱਕਣ ਲਈ ਮਜਬੂਰ ਕਰ ਰਹੀ ਹੈ। ---------------------- ਔਰਤਾਂ ਵੀ ਕਿਸਾਨਾਂ ਵਾਂਗ ਕਰਜ਼ੇ ਹੇਠ ਦੱਬ ਕੇ ਖ਼ੁਦਕੁਸ਼ੀ ਕਰਨ ਲਈ ਹੋਣਗੀਆਂ ਮਜਬੂਰ ਸਮਾਜ ਸੇਵਿਕਾ ਰੁਪਿੰਦਰ ਕੌਰ ਗਿੱਲ ਨੇ ਕਿਹਾ ਕਿ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਗੈਸ ਸਿਲੰਡਰਾਂ ਦੀਆਂ ਵਧਾਈਆਂ ਕੀਮਤਾਂ ਨੂੰ ਤੁਰੰਤ ਵਾਪਸ ਲਵੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਔਰਤਾਂ ਕੇਂਦਰ ਸਰਕਾਰ ਦਾ ਪਿਟ ਸਿਆਪਾ ਕਰਨ ਨੂੰ ਮਜਬੂਰ ਹੋਣਗੀਆਂ। ਤੇ ਉਹ ਵੀ ਦਿਨ ਹੁਣ ਦੂਰ ਨਹੀਂ ਜਦ ਔਰਤਾਂ ਵੀ ਕਿਸਾਨਾਂ ਵਾਂਗ ਕਰਜ਼ੇ ਹੇਠ ਦੱਬ ਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਗੀਆਂ। ------------------------- ਆਮ ਜਨਤਾ ਨੂੰ ਬੇਹੱਦ ਪਰੇਸ਼ਾਨ ਕਰਨਾ ਚਾਹੁੰਦੀ ਸਰਕਾਰ ਹਰਪ੍ਰੀਤ ਕੌਰ ਮਰਵਾਹਾ ਨੇ ਕਿਹਾ ਕਿ ਪਹਿਲਾਂ ਹੀ ਨਿਤ ਕੀਮਤਾਂ ਵਧਣ ਨਾਲ ਆਮ ਆਦਮੀ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਨੂੰ ਕੋਸ ਰਿਹਾ ਹੈ ਪਰ ਸਰਕਾਰ ਵੱਲੋਂ ਗੈਸ ਦੀਆਂ ਕੀਮਤਾਂ ’ਚ ਵਾਧਾ ਕਰਨਾ ਸਿੱਧੇ ਤੌਰ ’ਤੇ ਸਾਬਤ ਕਰਦਾ ਹੈ ਕਿ ਸਰਕਾਰ ਆਮ ਜਨਤਾ ਨੂੰ ਬੇਹੱਦ ਪਰੇਸ਼ਾਨ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਹਰ ਵਰਗ ਦੇ ਲੋਕ ਪਰੇਸ਼ਾਨ ਹਨ, ਘਰੇਲੂ ਔਰਤਾਂ ਬੇਹੱਦ ਪਰੇਸ਼ਾਨ ਨਜ਼ਰ ਆ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਤੁਰੰਤ ਵਾਪਸ ਲਈਆਂ ਜਾਣ। ------------------- ਆਪਣਾ ਖਜ਼ਾਨਾ ਭਰਨ ਵਿਚ ਲੱਗੀ ਹੋਈ ਹੈ ਸਰਕਾਰ ਸਮਾਜ ਸੇਵਿਕਾ ਪ੍ਰਿੰਸੀਪਲ ਰਾਜਪਾਲ ਕੌਰ ਨੇ ਕਿਹਾ ਕਿ ਸਰਕਾਰ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਾ ਕੇ ਸਿਰਫ ਆਪਣਾ ਖਜ਼ਾਨਾ ਭਰਨ ’ਚ ਲੱਗੀ ਹੋਈ ਹੈ। ਤੇ ਸਰਕਾਰ ਨੂੰ ਆਮ ਜਨਤਾ ਦੀਆਂ ਪ੍ਰੇਸ਼ਾਨੀਆਂ ਨਾਲ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਗੈਸ ਦੀਆਂ ਕੀਮਤਾਂ ਵਧਾਉਣੀਆਂ ਨਾਜਾਇਜ਼ ਹਨ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ’ਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਭਾਜਪਾ ਪਾਰਟੀ ਵਧੀਆਂ ਕੀਮਤਾਂ ਦਾ ਵਿਰੋਧ ਕਰਦੀ ਸੀ ਅੱਜ ਸੱਤਾ ਚ ਹੋਣ ਦੇ ਬਾਵਜੂਦ ਵੀ ਗੈਸ ਦੀਆਂ ਕੀਮਤਾਂ ਚ ਵਾਧਾ ਕਰਕੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਪਾਰਟੀ ਸਿਰਫ ਸੱਤਾ ਹਾਸਲ ਕਰਨ ਲਈ ਵਿਰੋਧ ਕਰਦੀ ਸੀ। ------------------------ ਮੱਧ ਵਰਗ ਤੇ ਪਵੇਗਾ ਸਭ ਤੋਂ ਵੱਧ ਅਸਰ ਕੌਂਸਲਰ ਜਸਪਾਲ ਕੌਰ ਨੇ ਕਿਹਾ ਕਿ ਗੈਸ ਦੀਆਂ ਕੀਮਤਾਂ ’ਚ ਵਾਧੇ ਦਾ ਅਸਰ ਘਰ ਦੇ ਅੰਦਰ ਤੇ ਬਾਹਰ ਦੋਵੇਂ ਪਾਸੇ ਪਵੇਗਾ। ਘਰੇਲੂ ਗੈਸ ਸਿਲੰਡਰ ਦੀ ਕੀਮਤ ਵਧਣ ਦਾ ਅਸਰ ਸਭ ਤੋਂ ਵੱਧ ਮੱਧ ਵਰਗ ਪਰਿਵਾਰ ਤੇ ਪਵੇਗਾ। ਦੂਜੇ ਪਾਸੇ ਕਮਰਸ਼ੀਅਲ ਸਿਲੰਡਰ ਵਧਣ ਨਾਲ ਬਾਜ਼ਾਰ ’ਚ ਵਿਕਣ ਵਾਲੀਆਂ ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ’ਚ ਵੀ ਵਾਧਾ ਹੋਵੇਗਾ। ਘਰੇਲੂ ਗੈਸ ਸਿਲੰਡਰ ’ਚ 50 ਰੁਪਏ ਤੇ ਕਮਰਸ਼ੀਅਲ ’ਚ 350 ਰੁਪਏ ਦਾ ਵਾਧਾ ਬਹੁਤ ਹੀ ਜ਼ਿਆਦਾ ਹੈ। ਉਨ੍ਹਾਂ ਅਨੁਸਾਰ ਗੈਸ ਦੀਆਂ ਕੀਮਤਾਂ ਘੱਟ ਹੋਣੀਆਂ ਚਾਹੀਦੀਆਂ ਹਨ। ------------------------- ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰ ਰਹੀ ਹੈ ਸਰਕਾਰ ਯੂਨਾਈਟਡ ਕਵੀਨ ਵੈਲਫੇਅਰ ਸੋਸਾਇਟੀ ਦੀ ਪ੍ਰਧਾਨ ਆਸਥਾ ਅਬਰੋਲ ਨੇ ਕਿਹਾ ਕਿ ਜਿੱਥੇ ਸੂਬਾ ਸਰਕਾਰਾਂ ਵੱਲੋਂ ਲੋਕਾਂ ਨੂੰ ਸਹੂਲਤਾਂ ਦੇ ਕੇ ਆਮ ਲੋਕਾਂ ਦਾ ਖਰਚਾ ਘਟਾ ਰਹੀਆਂ ਹਨ। ਉਥੇ ਹੀ ਕੇਂਦਰ ਸਰਕਾਰ ਨਿਤ ਗੈਸ, ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਧਾ ਕੇ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰ ਕੇ ਸਿਰਫ ਆਪਣਾ ਬਜਟ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਗੈਸ ਦੀਆਂ ਕੀਮਤਾਂ ਵਧਣ ਨਾਲ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਲੋਕ ਭੁੱਖਮਰੀ ਦਾ ਸ਼ਿਕਾਰ ਹੋਰ ਜਾਣਗੇ। ਤੇ ਮੱਧ ਵਰਗੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਆ ਜਾਣਗੇ। --------------------------- ਆਮ ਪਰਿਵਾਰ ਦੀ ਪਹੁੰਚ ’ਚ ਹੋਣਾ ਚਾਹੀਦਾ ਗੈਸ ਸਿਲੰਡਰ ਕੌਂਸਲਰ ਆਸ਼ੂ ਸ਼ਰਮਾ ਨੇ ਕਿਹਾ ਕਿ ਘਰੇਲੂ ਗੈਸ ਸਿਲੰਡਰ ਸਸਤਾ ਤੇ ਆਮ ਪਰਿਵਾਰ ਦੀ ਪਹੁੰਚ ’ਚ ਹੋਣਾ ਚਾਹੀਦਾ ਹੈ। ਇਸ ਦੀ ਕੀਮਤ ਵਧਣ ਨਾਲ ਘਰੇਲੂ ਔਰਤਾਂ ਦਾ ਬਜਟ ਵਿਗੜ ਜਾਂਦਾ ਹੈ। ਆਮ ਲੋਕ ਘਰ ’ਚ ਖਾਣਾ ਤਿਆਰ ਕਰਦੇ ਹਨ। ਰਸੋਈ ਗੈਸ ਦੀਆਂ ਕੀਮਤਾਂ ’ਚ ਵਾਧੇ ਨਾਲ ਪੂਰੇ ਪਰਿਵਾਰ ਦੀ ਆਮਦਨ ਪ੍ਰਭਾਵਿਤ ਹੁੰਦੀ ਹੈ। ਜਦਕਿ ਦੇਸ਼ ਅੰਦਰ ਮਹਿੰਗਾਈ ਨੇ ਪਹਿਲਾ ਹੀ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਕਿ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ ਘਟਾਉਣ ਤੋਂ ਇਲਾਵਾ ਸਗੋਂ ਕੀਮਤਾਂ ਹੋਰ ਘਟਾਉਣੀਆ ਚਾਹੀਦੀਆਂ ਹਨ। ਤਾਂ ਕਿ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਲੋਕ ਵੀ ਆਪਣਾ ਢਿੱਡ ਭਰ ਸਕਣ। --------------------------- ਆਮ ਵਿਅਕਤੀ ਕੋਲੋਂ ਰੋਟੀ ਵੀ ਖੋਹਣੀ ਚਾਹੁੰਦੀ ਹੈ ਸਰਕਾਰ ਸਾਬਕਾ ਕੌਂਸਲਰ ਸਤਿੰਦਰਜੀਤ ਕੌਰ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਪਣੀ ਪਰਜਾ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਵੱਲੋਂ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸਰਕਾਰ ਚੁਣੀ ਜਾਂਦੀ ਹੈ ਪਰ ਹੁਣ ਕੇਂਦਰ ਸਰਕਾਰ ਵੱਲੋਂ ਪਰਜਾ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦੀ ਬਜਾਏ ਸਮੱਸਿਆਵਾਂ ਵਧਾ ਕੇ ਪਰਜਾ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਾ ਕੇ ਸਰਕਾਰ ਨੇ ਸਾਬਤ ਕਰ ਦਿੱਤਾ ਕਿ ਉਹ ਆਮ ਵਿਅਕਤੀ ਦੇ ਪੇਟ ’ਚ ਜਾਣ ਵਾਲੀ ਰੋਟੀ ਵੀ ਖੋਹਣੀ ਚਾਹੁੰਦੀ ਹੈ।