ਬੱਸ ਤੇ ਕਾਰ ਦੀ ਟੱਕਰ ’ਚ ਪਰਿਵਾਰ ਜ਼ਖ਼ਮੀ
ਗੁਰਾਇਆ ਨੇੜੇ ਨੈਸ਼ਨਲ ਹਾਈਵੇਅ-44 ’ਤੇ ਬੱਸ ਤੇ ਕਾਰ ਦੀ ਟੱਕਰ, ਪਰਿਵਾਰ ਜ਼ਖ਼ਮੀ
Publish Date: Mon, 23 Mar 2026 07:21 PM (IST)
Updated Date: Mon, 23 Mar 2026 07:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਨੈਸ਼ਨਲ ਹਾਈਵੇ 44 ’ਤੇ ਗੁਰਾਇਆ ਨੇੜੇ ਬੱਸ ਤੇ ਕਾਰ ਵਿਚਕਾਰ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ। ਹਾਦਸੇ ’ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਜਦਕਿ ਕਾਰ ਸਵਾਰ ਪਰਿਵਾਰ ਦੇ ਮੈਂਬਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਸੜਕ ’ਤੇ ਭਾਰੀ ਜਾਮ ਲੱਗ ਗਿਆ। ਮੌਕੇ ’ਤੇ ਪੁਲਿਸ ਜਾਂ ਸੜਕ ਸੁਰੱਖਿਆ ਫੋਰਸ ਦੇ ਦੇਰ ਨਾਲ ਪਹੁੰਚਣ ਕਾਰਨ ਲੋਕਾਂ ਨੇ ਖੁਦ ਹੀ ਜੱਦੋ-ਜਹਿਦ ਕਰਕੇ ਟ੍ਰੈਫ਼ਿਕ ਨੂੰ ਸੁਚਾਰੂ ਕੀਤਾ। ਕਾਰ ਮਾਲਕ ਹਰਦੀਪ ਸਿੰਘ ਵਾਸੀ ਪਿੰਡ ਅੱਟੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਜਲੰਧਰ ਦਵਾਈ ਲੈਣ ਜਾ ਰਿਹਾ ਸੀ। ਜਦੋਂ ਉਹ ਪਿੰਡ ਅੱਟਾ ਨਹਿਰ ਨੇੜੇ ਖੜਾ ਸੀ, ਤਾਂ ਲੁਧਿਆਣਾ ਵੱਲੋਂ ਆ ਰਹੀ ਇਕ ਨਿੱਜੀ ਬੱਸ ਨੇ ਉਸਦੀ ਖੜੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਉਹ ਜ਼ਖ਼ਮੀ ਹੋ ਗਿਆ। ਉਸਨੇ ਦੱਸਿਆ ਕਿ ਇਸ ਹਾਦਸੇ ਕਾਰਨ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਬੱਸ ’ਚ ਸਵਾਰ ਯਾਤਰੀਆਂ ਨੇ ਦੱਸਿਆ ਕਿ ਬੱਸ ਬਹੁਤ ਤੇਜ਼ ਰਫ਼ਤਾਰ ’ਚ ਸੀ ਤੇ ਡਰਾਈਵਰ ਨੂੰ ਕਈ ਵਾਰ ਹੌਲੀ ਚਲਾਉਣ ਲਈ ਕਿਹਾ ਗਿਆ ਪਰ ਉਸ ਨੇ ਗੱਲ ਨਹੀਂ ਮੰਨੀ। ਉਨ੍ਹਾਂ ਅਨੁਸਾਰ, ਇਸ ਤੋਂ ਪਹਿਲਾਂ ਵੀ ਇਕ ਹੋਰ ਵਾਹਨ ਨੂੰ ਮੁਸ਼ਕਲ ਨਾਲ ਬਚਾਇਆ ਗਿਆ ਸੀ। ਦੂਜੇ ਪਾਸੇ ਬੱਸ ਡਰਾਈਵਰ ਸਰਬਜੀਤ ਸਿੰਘ ਨੇ ਕਿਹਾ ਕਿ ਇਕ ਕਾਰ ਗਲਤ ਪਾਸੇ ਤੋਂ ਯੂ-ਟਰਨ ਲੈ ਕੇ ਹਾਈਵੇ ’ਤੇ ਚੜ੍ਹਨ ਲੱਗੀ, ਜਿਸ ਨੂੰ ਉਸ ਨੇ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੂਜੀ ਗੱਡੀ ਵੀ ਗਲਤ ਪਾਸਿਓਂ ਆ ਗਈ, ਜਿਸ ਕਾਰਨ ਹਾਦਸਾ ਵਾਪਰ ਗਿਆ। ਮੌਕੇ ’ਤੇ ਪੁੱਜੇ ਥਾਣਾ ਗੁਰਾਇਆ ਦੇ ਏਐੱਸਆਈ ਸੁਰਿੰਦਰ ਮੋਹਨ ਨੇ ਦੱਸਿਆ ਕਿ ਦੋਵੇਂ ਵਾਹਨਾਂ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ ਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।