ਬੰਦ ਕਮਰਿਆਂ ’ਚ ਅੰਗੀਠੀ/ਕੋਲਾ ਬਾਲਣਾ ਹੋ ਸਕਦੈ ਜਾਨਲੇਵਾ : ਡਾ. ਗਰਗ
ਬੰਦ ਕਮਰਿਆਂ ’ਚ ਅੰਗੀਠੀ/ਕੋਲਾ ਜਲਾਉਣਾ ਹੋ ਸਕਦਾ ਹੈ ਜਾਨਲੇਵਾ : ਡਾ. ਰਾਜੇਸ਼ ਗਰਗ
Publish Date: Fri, 16 Jan 2026 06:45 PM (IST)
Updated Date: Fri, 16 Jan 2026 06:48 PM (IST)
ਕਿਹਾ, ਠੰਡ ਦਾ ਕਹਿਰ ਜਾਰੀ, ਸੁਚੇਤ ਤੇ ਸੁਰੱਖਿਅਤ ਰਹਿਣਾ ਜ਼ਰੂਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲਗਾਤਾਰ ਵਧ ਰਹੀ ਸਰਦੀ ਤੇ ਚੱਲ ਰਹੀ ਸੀਤ ਲਹਿਰ ਦੇ ਮੱਦੇਨਜ਼ਰ ਲੋਕਾਂ ਨੂੰ ਸੁਚੇਤ ਕਰਨ ਲਈ ਸਿਹਤ ਵਿਭਾਗ ਵੱਲੋਂ ਸਰਦ ਰੁੱਤ ਦੌਰਾਨ ਜਾਰੀ ਕੀਤੀ ਐਡਵਾਇਜ਼ਰੀ ਅਨੁਸਾਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਮੌਜੂਦਾ ਮੌਸਮੀ ਹਾਲਾਤ ਵਿੱਚ ਬੇਲੋੜੀ ਆਵਾਜਾਈ ਤੋਂ ਬਚਣਾ ਚਾਹੀਦਾ ਹੈ, ਖਾਸ ਕਰਕੇ ਸਵੇਰੇ ਅਤੇ ਦੇਰ ਸ਼ਾਮ ਦੇ ਸਮੇਂ। ਗਰਭਵਤੀ ਔਰਤਾਂ, ਬਜ਼ੁਰਗਾਂ, ਛੋਟੇ ਬੱਚਿਆਂ ਅਤੇ ਪਹਿਲਾਂ ਤੋਂ ਬਿਮਾਰ ਵਿਅਕਤੀਆਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ। ਸਿਵਲ ਸਰਜਨ ਨੇ ਦੱਸਿਆ ਕਿ ਸ਼ੀਤ ਲਹਿਰ ਕਾਰਨ ਸਰੀਰ ਦਾ ਤਾਪਮਾਨ ਘਟਣਾ, ਕੰਬਣੀ, ਕਮਜ਼ੋਰੀ, ਯਾਦਦਾਸ਼ਤ ਵਿੱਚ ਕਮੀ ਅਤੇ ਕਈ ਵਾਰ ਬੇਹੋਸ਼ੀ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਠੰਡੀਆਂ ਹਵਾਵਾਂ ਅਤੇ ਧੁੰਦ ਨਾਲ ਵਾਇਰਲ ਇਨਫੈਕਸ਼ਨਾਂ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਲਈ ਲੋਕ ਗਰਮ ਕੱਪੜੇ ਪਹਿਨਣ, ਦਸਤਾਨੇ, ਟੋਪੀ, ਮਫਲਰ ਅਤੇ ਮੋਟੀਆਂ ਜੁਰਾਬਾਂ/ਢੁੱਕਵੇਂ ਬੂਟ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਛੋਟੇ ਬੱਚਿਆਂ ਨੂੰ ਨਿਮੋਨੀਆ ਅਤੇ ਹੋਰ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ, ਜਦਕਿ ਦਮਾ, ਸਾਹ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਅਤੇ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਠੰਡ ਅਤੇ ਧੁੰਦ ਹੋਣ ’ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਖੁਰਾਕ ਸਬੰਧੀ ਸਲਾਹ ਦਿੰਦਿਆਂ ਡਾ. ਗਰਗ ਨੇ ਕਿਹਾ ਕਿ ਰੋਗ-ਪ੍ਰਤੀਰੋਧਕ ਤਾਕਤ ਵਧਾਉਣ ਲਈ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਲੈਣੀ ਜ਼ਰੂਰੀ ਹੈ। ਮੌਸਮੀ ਫਲ, ਵਿਟਾਮਿਨ ਸੀ ਨਾਲ ਭਰਪੂਰ ਹਰੀਆਂ ਸਬਜ਼ੀਆਂ ਖਾਣ, ਜੰਕ ਫੂਡ ਤੋਂ ਦੂਰ ਰਹਿਣ ਅਤੇ ਤਾਜ਼ਾ ਬਣਿਆ ਹੋਇਆ ਭੋਜਨ ਹੀ ਸੇਵਨ ਕਰਨ। ਗਰਮ ਪਾਣੀ, ਸੂਪ ਆਦਿ ਪੀਣ ਅਤੇ ਕੋਸਾ ਪਾਣੀ ਪੀ ਕੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਠੰਡ ਤੋਂ ਬਚਣ ਲਈ ਬੰਦ ਕਮਰਿਆਂ ਵਿੱਚ ਅੰਗੀਠੀ, ਕੋਲਾ ਜਾਂ ਲੱਕੜ ਸਾੜਨਾ ਬਹੁਤ ਖਤਰਨਾਕ ਹੈ, ਕਿਉਂਕਿ ਇਸ ਨਾਲ ਨਿਕਲਣ ਵਾਲੀ ਕਾਰਬਨ ਮੋਨੋਕਸਾਈਡ ਗੈਸ ਜਾਨਲੇਵਾ ਸਾਬਤ ਹੋ ਸਕਦੀ ਹੈ। ਸਿਵਲ ਸਰਜਨ ਨੇ ਅਪੀਲ ਕੀਤੀ ਕਿ ਜੇ ਸੀਤ ਲਹਿਰ ਦੌਰਾਨ ਜ਼ਿਆਦਾ ਕੰਬਣੀ, ਸਰੀਰ ਦਾ ਤਾਪਮਾਨ ਘਟਣਾ, ਬੇਹੋਸ਼ੀ ਜਾਂ ਫਲੂ, ਜ਼ੁਕਾਮ, ਖੰਘ ਵਰਗੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਡਾਕਟਰ ਨਾਲ ਸੰਪਰਕ ਕਰਕੇ ਡਾਕਟਰੀ ਮਦਦ ਲੈਣੀ ਚਾਹੀਦੀ ਹੈ।