ਨਸ਼ਾ ਤਸਕਰ ਦੇ ਘਰ 'ਤੇ ਚਲਾਇਆ ਬੁਲਡੋਜ਼ਰ
ਨਸ਼ਾ ਤਸਕਰ ਦੇ ਘਰ 'ਤੇ ਚਲਾਇਆ ਬੁਲਡੋਜ਼ਰ
Publish Date: Tue, 06 Jan 2026 09:02 PM (IST)
Updated Date: Tue, 06 Jan 2026 09:05 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਬਸਤੀ ਬਾਵਾ ਖੇਲ ਦੇ ਰਾਜਨ ਨਗਰ ਖੇਤਰ ’ਚ ਇਕ ਨਸ਼ਾ ਤਸਕਰ ਦੇ ਗੈਰ-ਕਾਨੂੰਨੀ ਤੌਰ ਤੇ ਬਣੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ। ਇਹ ਕਾਰਵਾਈ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਤਹਿਤ ਨਗਰ ਨਿਗਮ ਤੇ ਪੁਲਿਸ ਵੱਲੋਂ ਸਾਂਝੀ ਤੌਰ ’ਤੇ ਕੀਤੀ ਗਈ ਹੈ। ਨਸ਼ਾ ਤਸਕਰ ਕਰਨ ਵਾਲੇ ਦੀ ਪਛਾਣ ਨਰਿੰਦਰ ਕੁਮਾਰ ਉਰਫ਼ ਬਾਬਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਦੀ ਟੀਮ ਨੇ ਪਹਿਲਾਂ ਨਰਿੰਦਰ ਕੁਮਾਰ ਉਰਫ਼ ਬਾਬਾ ਨੂੰ ਗੈਰ-ਕਾਨੂੰਨੀ ਉਸਾਰੀ ਸਬੰਧੀ ਨੋਟਿਸ ਜਾਰੀ ਕੀਤਾ ਸੀ। ਨੋਟਿਸ ’ਚ ਘਰ ਨਾਲ ਸਬੰਧਤ ਦਸਤਾਵੇਜ਼ਾਂ ਤੇ ਉਸਾਰੀ ਦੀ ਕਾਨੂੰਨੀਤਾ ਬਾਰੇ ਸਪੱਸ਼ਟੀਕਰਨ ਮੰਗਿਆ ਗਿਆ ਸੀ ਪਰ ਮੁਲਜ਼ਮ ਤੋਂ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਨਗਰ ਨਿਗਮ ਤੇ ਪੁਲਿਸ ਨੇ ਮੰਗਲਵਾਰ ਨੂੰ ਕਾਰਵਾਈ ਕੀਤੀ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਏਸੀਪੀ ਆਤਿਸ਼ ਭਾਟੀਆ ਤੇ ਬਸਤੀ ਬਾਵਾ ਖੇਲ ਥਾਣੇ ਦੇ ਐੱਸਐੱਚਓ ਜੈ ਹਿੰਦ ਸਿੰਘ ਭਾਰੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਮੌਜੂਦ ਸਨ। ਪੁਲਿਸ ਨੇ ਪੂਰੇ ਇਲਾਕੇ ’ਚ ਸੁਰੱਖਿਆ ਵਧਾ ਦਿੱਤੀ ਤੇ ਆਲੇ-ਦੁਆਲੇ ਦੇ ਲੋਕਾਂ ਦੀ ਆਵਾਜਾਈ ਨੂੰ ਵੀ ਕੰਟਰੋਲ ਕੀਤਾ।