- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਰਚ ਦੇ ਪਹਿਲੇ ਹਫ਼ਤੇ ਹੋਵੇਗੀ ਨਿਗਮ ਹਾਊਸ ਦੀ ਬਜਟ ਮੀਟਿੰਗ, ਸਭ ਬ੍ਰਾਂਚਾਂ ਤੋਂ ਖਰਚ ਤੇ ਆਮਦਨ ਦਾ ਅਨੁਮਾਨ ਮੰਗਿਆ

- ਬਜਟ ਮੀਟਿੰਗ ’ਚ ਹੀ ਪਾਸ ਹੋਣਗੇ ਵਿਕਾਸ ਕਾਰਜਾਂ ਦੇ ਪ੍ਰਸਤਾਵ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਦੀ ਸਾਲ 2026-27 ਦੇ ਬਜਟ ਦੀ ਮੀਟਿੰਗ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਹੋਵੇਗੀ। ਨਿਗਮ ਕਮਿਸ਼ਨਰ ਵੱਲੋਂ ਸਭ ਬ੍ਰਾਂਚਾਂ ਨੂੰ ਆਪਣੇ ਖਰਚ ਤੇ ਆਮਦਨ ਦੇ ਅਨੁਮਾਨ ਅਕਾਊਂਟ ਵਿਭਾਗ ਨੂੰ ਭੇਜਣ ਦੇ ਹੁਕਮ ਦਿੱਤੇ ਗਏ ਹਨ। ਇਸ ਸਬੰਧੀ ਸਾਰੀਆਂ ਬ੍ਰਾਂਚਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਨਿਗਮ ਦੀ ਆਮਦਨ ਦੇ ਸਭ ਤੋਂ ਮੁੱਖ ਸਰੋਤਾਂ ’ਚ ਪ੍ਰਾਪਰਟੀ ਟੈਕਸ, ਬਿਲਡਿੰਗ ਬ੍ਰਾਂਚ, ਵਾਟਰ ਸਪਲਾਈ ਡਿਪਾਰਟਮੈਂਟ, ਵਿਗਿਆਪਨ ਸ਼ਾਖਾ ਤੇ ਤਹਬਾਜ਼ਾਰੀ ਸ਼ਾਮਲ ਹਨ। ਜੇਕਰ ਤਨਖਾਹ ਖਾਤੇ ਨੂੰ ਅਲੱਗ ਕਰ ਦਿੱਤਾ ਜਾਵੇ ਤਾਂ ਨਿਗਮ ਦਾ ਸਭ ਤੋਂ ਵੱਡਾ ਖਰਚ ਬਿਲਡਿੰਗ ਐਂਡ ਰੋਡਜ਼ ਵਿਭਾਗ ਤੇ ਆਪ੍ਰੇਸ਼ਨ ਐਂਡ ਮੇਨਟੇਨੈਂਸ ਡਿਪਾਰਟਮੈਂਟ ਦੇ ਕੰਮਾਂ ’ਤੇ ਹੁੰਦਾ ਹੈ। ਬੀਐਂਡਆਰ ਦਾ ਮੁੱਖ ਕੰਮ ਸੜਕਾਂ ਦਾ ਨਿਰਮਾਣ ਹੈ। ਇਸ ਤੋਂ ਇਲਾਵਾ ਇਮਾਰਤਾਂ ਤੇ ਸੜਕਾਂ ਨਾਲ ਜੁੜੇ ਹੋਰ ਕੰਮ ਵੀ ਇਸ ਦੇ ਹਵਾਲੇ ਹਨ। ਪਾਰਕਾਂ ਦੀ ਮੁਰੰਮਤ ਦੀ ਜ਼ਿੰਮੇਵਾਰੀ ਵੀ ਇਸੇ ਬ੍ਰਾਂਚ ਕੋਲ ਹੈ। ਆਪ੍ਰੇਸ਼ਨ ਐਂਡ ਮੇਨਟੇਨੈਂਸ ਵਿਭਾਗ ਸ਼ਹਿਰ ’ਚ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ, ਸੀਵਰੇਜ ਸਿਸਟਮ ਦੀ ਸੰਭਾਲ, ਡਿਸਪੋਜ਼ਲ, ਸੀਵਰੇਜ ਟ੍ਰੀਟਮੈਂਟ ਪਲਾਂਟ ਨਾਲ ਜੁੜੇ ਕੰਮਾਂ ’ਤੇ ਖਰਚ ਕਰਦਾ ਹੈ। ਸਟਰੀਟ ਲਾਈਟਾਂ ਦੀ ਮੇਨਟੇਨੈਂਸ ਦੀ ਜ਼ਿੰਮੇਵਾਰੀ ਵੀ ਇਸੇ ਵਿਭਾਗ ਕੋਲ ਹੈ। ਇਹ ਸਾਰੇ ਕੰਮ ਲੋਕਾਂ ਦੀਆਂ ਸੁਵਿਧਾਵਾਂ ਨਾਲ ਸਬੰਧਤ ਹਨ ਤੇ ਨਿਗਮ ਦਾ ਫੋਕਸ ਇਨ੍ਹਾਂ ’ਤੇ ਹੀ ਰਹਿੰਦਾ ਹੈ। ਨਿਯਮਾਂ ਮੁਤਾਬਕ ਬਜਟ ਮੀਟਿੰਗ ਫ਼ਰਵਰੀ ਦੇ ਪਹਿਲੇ ਹਫ਼ਤੇ ’ਚ ਹੋ ਜਾਨੀ ਚਾਹੀਦੀ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਇਸ ’ਚ ਲਗਾਤਾਰ ਦੇਰੀ ਹੋ ਰਹੀ ਹੈ। ਹੁਣ ਇਹ ਮੀਟਿੰਗ ਮਾਰਚ ਦੇ ਪਹਿਲੇ ਹਫ਼ਤੇ ’ਚ ਕਰਵਾਈ ਜਾਵੇਗੀ। ਮੇਅਰ ਵਨੀਤ ਧੀਰ ਨੇ ਕਿਹਾ ਕਿ ਵਿਕਾਸ ਕਾਰਜਾਂ ਦੇ ਪ੍ਰਸਤਾਵ ਪਾਸ ਕਰਨ ਲਈ ਵੱਖਰੀ ਮੀਟਿੰਗ ਨਹੀਂ ਹੋਵੇਗੀ। ਬਜਟ ਮੀਟਿੰਗ ’ਚ ਹੀ ਇਹ ਮਨਜ਼ੂਰ ਕੀਤੇ ਜਾਣਗੇ। ਬਜਟ ਤੋਂ ਪਹਿਲਾਂ ਅਧਿਕਾਰੀਆਂ ਨਾਲ ਪ੍ਰੀ-ਬਜਟ ਮੀਟਿੰਗ ਵੀ ਹੋਵੇਗੀ ਜਿਸ ’ਚ ਸ਼ਹਿਰ ਦੇ ਵਿਕਾਸ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਜ਼ਿਆਦਾਤਰ ਬ੍ਰਾਂਚਾਂ ਰੈਵੇਨਿਊ ਟਾਰਗੇਟ ਤੋਂ ਪਿੱਛੇ
ਪ੍ਰਾਪਰਟੀ ਟੈਕਸ ਬ੍ਰਾਂਚ ਦਾ ਟਾਰਗੇਟ ਸਾਲ 2025-26 ’ਚ 50 ਕਰੋੜ ਤੋਂ ਵਧਾ ਕੇ 80 ਕਰੋੜ ਕੀਤਾ ਗਿਆ ਸੀ। ਇਹ ਬ੍ਰਾਂਚ ਹੁਣ ਤੱਕ ਕਰੀਬ 47 ਕਰੋੜ ਰੁਪਏ ਇਕੱਠੇ ਕਰ ਚੁੱਕੀ ਹੈ, ਜੋ ਪਿਛਲੇ ਸਾਲ ਨਾਲੋਂ 10 ਫ਼ੀਸਦੀ ਵੱਧ ਹੈ। ਅਗਲੇ 40 ਦਿਨਾਂ ’ਚ ਇਹ ਰਕਮ 50 ਕਰੋੜ ਤੋਂ ਪਾਰ ਹੋਣ ਦੀ ਸੰਭਾਵਨਾ ਹੈ ਪਰ 80 ਕਰੋੜ ਦਾ ਟਾਰਗੇਟ ਹਾਲੇ ਦੂਰ ਹੈ। ਵਾਟਰ ਸਪਲਾਈ ਬ੍ਰਾਂਚ ਦਾ ਟਾਰਗੇਟ 22 ਕਰੋੜ ਹੈ ਪਰ ਪੰਜ ਮਰਲੇ ਤੱਕ ਪਾਣੀ ਦੇ ਬਿਲ ਮਾਫ਼ ਹੋਣ ਕਾਰਨ ਆਮਦਨ ਘੱਟ ਰਹੀ ਹੈ। ਵਿਗਿਆਪਨ ਸ਼ਾਖਾ ਇਸ ਵਾਰ ਅੱਗੇ ਰਹੀ ਹੈ ਤੇ ਠੇਕਾ ਹੋਣ ਨਾਲ ਆਮਦਨ ਹੋਵੇਗੀ, ਹਾਲਾਂਕਿ ਇਹ ਰਕਮ ਅਗਲੇ ਸਾਲ ’ਚ ਮਿਲੇਗੀ। ਨਿਗਮ ਦੀਆਂ ਪੰਜ ਮੁੱਖ ਬ੍ਰਾਂਚਾਂ ਦਾ ਕੁੱਲ ਟਾਰਗੇਟ 189 ਕਰੋੜ ਰੁਪਏ ਹੈ ਜਦਕਿ ਹੁਣ ਤੱਕ ਕਰੀਬ 135 ਕਰੋੜ ਰੁਪਏ ਹੀ ਇਕੱਠੇ ਹੋਏ ਹਨ। ਤਹਬਾਜ਼ਾਰੀ ਦਾ ਟਾਰਗੇਟ 4 ਕਰੋੜ ਹੈ ਪਰ ਹੁਣ ਤੱਕ ਸਿਰਫ਼ 50 ਫ਼ੀਸਦੀ ਹੀ ਵਸੂਲੀ ਹੋਈ ਹੈ। ਬਿਲਡਿੰਗ ਬ੍ਰਾਂਚ ਦਾ ਲਕਸ਼ 75 ਕਰੋੜ ਹੈ ਤੇ ਲਗਭਗ 60 ਕਰੋੜ ਦੀ ਆਮਦਨ ਹੋਈ ਹੈ, ਪਰ ਟਾਰਗੇਟ ਪੂਰਾ ਹੋਣਾ ਮੁਸ਼ਕਲ ਦਿਖ ਰਿਹਾ ਹੈ।
----------------------
ਹੋਰ ਬ੍ਰਾਂਚਾਂ ਤੋਂ ਆਮਦਨ ਵਧਾਉਣ ’ਤੇ ਫੋਕਸ
ਇਸ ਵਾਰ ਬਜਟ ’ਚ ਛੋਟੀਆਂ ਬ੍ਰਾਂਚਾਂ ਦੇ ਰੈਵੇਨਿਊ ’ਤੇ ਧਿਆਨ ਦਿੱਤਾ ਜਾਵੇਗਾ। ਇਨ੍ਹਾਂ ’ਚ ਰੋਡ ਕਟਿੰਗ, ਲਾਇਸੈਂਸ ਬ੍ਰਾਂਚ ਤੇ ਹੈਲਥ ਬ੍ਰਾਂਚ ਸ਼ਾਮਲ ਹਨ। ਹੈਲਥ ਬ੍ਰਾਂਚ ਕੂੜਾ ਪ੍ਰਬੰਧਨ ਤੇ ਗੰਦਗੀ ਫੈਲਾਉਣ ਵਾਲਿਆਂ ’ਤੇ ਕਾਰਵਾਈ ਕਰ ਕੇ ਆਮਦਨ ਵਧਾ ਸਕਦੀ ਹੈ। ਸਾਰੇ ਕਾਰੋਬਾਰੀ ਸੰਸਥਾਨਾਂ ਦੇ ਲਾਇਸੈਂਸ ਬਣਾ ਕੇ ਲਾਇਸੈਂਸ ਬ੍ਰਾਂਚ ਦੀ ਆਮਦਨ ਵਧਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਵੱਡੇ ਪੱਧਰ ’ਤੇ ਰੋਡ ਕਟਿੰਗ ਫੀਸ ਤੋਂ ਵੀ ਆਮਦਨ ਹੋ ਸਕਦੀ ਹੈ। ਕਈ ਲੋਕ ਪਾਣੀ ਤੇ ਸੀਵਰੇਜ ਦੇ ਕਨੈਕਸ਼ਨ ਲਈ ਸੜਕਾਂ ਤੋੜਦੇ ਹਨ ਪਰ ਨਿਗਮ ਨੂੰ ਫੀਸ ਨਹੀਂ ਭਰਦੇ, ਜਿਸ ਨਾਲ ਢਾਂਚਾਗਤ ਨੁਕਸਾਨ ਹੁੰਦਾ ਹੈ ਤੇ ਮੁਰੰਮਤ ’ਤੇ ਵੱਖਰਾ ਖਰਚ ਕਰਨਾ ਪੈਂਦਾ ਹੈ। ਜੇ ਰੋਡ ਕਟਿੰਗ ਫੀਸ ਮਿਲੇ ਤਾਂ ਸੜਕਾਂ ਦੀ ਮੁਰੰਮਤ ਆਸਾਨੀ ਨਾਲ ਹੋ ਸਕਦੀ ਹੈ।