ਪੰਜਾਬ ਨੂੰ ਮਾਫੀਆ ਤੇ ਕਰਜ਼ੇ ਦੇ ਹਵਾਲੇ ਨਹੀਂ ਹੋਣ ਦੇਵੇਗੀ ਬਸਪਾ : ਆਨੰਦ
ਪੰਜਾਬ ਨੂੰ ਮਾਫੀਆ ਤੇ ਕਰਜ਼ੇ ਦੇ ਹਵਾਲੇ ਨਹੀਂ ਹੋਣ ਦੇਵੇਗੀ ਬਸਪਾ : ਆਕਾਸ਼ ਆਨੰਦ
Publish Date: Tue, 10 Feb 2026 08:17 PM (IST)
Updated Date: Tue, 10 Feb 2026 08:20 PM (IST)

-ਆਕਾਸ਼ ਆਨੰਦ ਤੇ ਆਨੰਦ ਕੁਮਾਰ ਨੇ ਪੰਜਾਬ ਬਸਪਾ ਇਕਾਈ ਨਾਲ ਮੀਟਿੰਗ ਕੀਤੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਵੀਂ ਦਿੱਲੀ ’ਚ ਅੱਜ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਇਕ ਉੱਚ ਪੱਧਰੀ ਸਮੀਖਿਆ ਮੀਟਿੰਗ ਹੋਈ। ਇਸ ਮਹੱਤਵਪੂਰਨ ਮੀਟਿੰਗ ਦੌਰਾਨ ਪਾਰਟੀ ਦੇ ਰਾਸ਼ਟਰੀ ਕਨਵੀਨਰ ਆਕਾਸ਼ ਆਨੰਦ ਤੇ ਰਾਸ਼ਟਰੀ ਉਪ ਪ੍ਰਧਾਨ ਆਨੰਦ ਕੁਮਾਰ ਨੇ ਪੰਜਾਬ ਇਕਾਈ ਨਾਲ ਸੂਬੇ ਦੀ ਮੌਜ਼ੂਦਾ ਰਾਜਨੀਤਿਕ ਤੇ ਸਮਾਜਿਕ ਸਥਿਤੀ ਬਾਰੇ ਚਰਚਾ ਕੀਤੀ। ਇਸ ਦੌਰਾਨ ਬਸਪਾ ਦੇ ਕੇਂਦਰੀ ਪੰਜਾਬ ਇੰਚਾਰਜ ਪ੍ਰਤਾਪ ਸਿੰਘ ਤੇ ਪੰਜਾਬ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ ਤੇ ਮੌਜ਼ੂਦ ਸਨ। ਪੰਜਾਬ ਦੀ ਮੌਜ਼ੂਦਾ ਸਥਿਤੀ ਤੇ ਚਿੰਤਾ ਪ੍ਰਗਟ ਕਰਦੇ ਹੋਏ ਬਸਪਾ ਲੀਡਰਸ਼ਿਪ ਨੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਅਸਫਲਤਾਵਾਂ ਦਾ ਕੱਚਾ ਚਿੱਠਾ ਖੋਲ੍ਹਿਆ। ਵਿਗੜਦੀ ਕਾਨੂੰਨ ਵਿਵਸਥਾ, ਸੂਬੇ ’ਚ ਗੈਂਗਸਟਰ ਸੱਭਿਆਚਾਰ ਦੇ ਉਭਾਰ, ਕਾਲਜਾਂ ’ਚ ਗੋਲੀਬਾਰੀ ਤੇ ਕਾਰੋਬਾਰੀਆਂ ਵਿਰੁੱਧ ਧਮਕੀਆਂ ਦੀਆਂ ਘਟਨਾਵਾਂ ਬਾਰੇ ਚਿੰਤਾ ਪ੍ਰਗਟ ਕੀਤੀ ਗਈ। ਬਸਪਾ ਆਗੂਆਂ ਨੇ ਕਿਹਾ ਕਿ ਡਰੱਗ ਮਾਫੀਆ ਤੇ ਰੇਤ ਮਾਫੀਆ ਦੇ ਹੌਸਲੇ ਬੁਲੰਦ ਹਨ ਤੇ ਮੌਜੂਦਾ ਆਪ ਸਰਕਾਰ ਉਨ੍ਹਾਂ ਨੂੰ ਰੋਕਣ ’ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਪੰਜਾਬ ਨੂੰ ਕਰਜ਼ੇ ਦੇ ਜਾਲ ’ਚ ਧੱਕਿਆ ਜਾ ਰਿਹਾ ਹੈ। ਸਰਕਾਰ ਸਰਕਾਰੀ ਜਾਇਦਾਦਾਂ ਵੇਚਣ ਦੀ ਮੁਹਿੰਮ ਸ਼ੁਰੂ ਕਰ ਰਹੀ ਹੈ। ਪੰਚਾਇਤਾਂ ਤੋਂ ਵਿਕਾਸ ਫੰਡ ਵਾਪਸ ਲਏ ਜਾ ਰਹੇ ਹਨ ਤੇ ਸਰਪੰਚਾਂ ਨੂੰ ਡਰਾਇਆ ਜਾ ਰਿਹਾ ਹੈ, ਜੋ ਕਿ ਲੋਕਤੰਤਰ ਤੇ ਸਿੱਧਾ ਹਮਲਾ ਹੈ। ਸਿੱਖਿਆ ਤੇ ਸਿਹਤ ਕ੍ਰਾਂਤੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ---------------------- ਪਿੰਡ-ਪਿੰਡ ਬਸਪਾ ਦਾ ਰੋਡਮੈਪ ਤਿਆਰ ਬਸਪਾ ਦੇ ਰਾਸ਼ਟਰੀ ਕਨਵੀਨਰ ਆਕਾਸ਼ ਆਨੰਦ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਪਾਰਟੀ ਅਹੁਦੇਦਾਰਾਂ ਨੂੰ ਨਿਰਦੇਸ਼ ਦਿੱਤੇ ਕਿ ਵਿਧਾਨ ਸਭਾ ਪੱਧਰ ਤੇ ਤਾਇਨਾਤ 1,000 ਪ੍ਰਮੁੱਖ ਬਸਪਾ ਆਗੂਆਂ ਨੂੰ ਸਰਗਰਮ ਕਰਕੇ ਸਿੱਧੇ ਹਰ ਪਿੰਡ ’ਚ ਭੇਜਿਆ ਜਾਵੇ। ਪੰਜਾਬ ਦੀ ਦੁਰਦਸ਼ਾ ਦੀ ਅਸਲ ਸਥਿਤੀ ਨੂੰ ਜਨਤਾ ਸਾਹਮਣੇ ਉਜਾਗਰ ਕਰਨ ਲਈ ਇਕ ਵਿਸ਼ੇਸ਼ ਰੋਡਮੈਪ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਸਪਾ ਪੰਜਾਬ ਦੇ ਹੱਕਾਂ, ਦਲਿਤਾਂ, ਪੱਛੜੇ ਵਰਗਾਂ ਤੇ ਘੱਟ ਗਿਣਤੀਆਂ ਦੀ ਰਾਖੀ ਲਈ ਸੜਕਾਂ ਤੋਂ ਸੰਸਦ ਤੱਕ ਆਪਣੀ ਆਵਾਜ਼ ਬੁਲੰਦ ਕਰੇਗੀ। ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ, ਇਸਨੂੰ ਮਾਫੀਆ ਤੇ ਕਰਜ਼ੇ ਦੇ ਹਵਾਲੇ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਨੂੰ ਬਚਾਉਣ ਲਈ ਹਰ ਬਸਪਾ ਵਰਕਰ ਪੂਰੀ ਤਾਕਤ ਨਾਲ ਅੱਗੇ ਆਵੇਗਾ। ਇਸ ਮੌਕੇ ਬਸਪਾ ਦੇ ਸੂਬਾ ਕੋਆਰਡੀਨੇਟਰ ਪ੍ਰਜਾਪਤੀ ਅਜੀਤ ਸਿੰਘ ਭੈਣੀ, ਸੂਬਾ ਕੋਆਰਡੀਨੇਟਰ ਤੀਰਥ ਰਾਜਪੁਰਾ ਮਹਿਰਾ, ਸੂਬਾ ਜਨਰਲ ਸਕੱਤਰ ਠੇਕੇਦਾਰ ਹਰਭਜਨ ਸਿੰਘ ਬਜਹੇੜੀ, ਖੁਸ਼ੀਰਾਮ ਜ਼ਿਲ੍ਹਾ ਕੋਆਰਡੀਨੇਟਰ, ਫਿਲੌਰ ਵਿਧਾਨ ਸਭਾ ਇੰਚਾਰਜ ਤੇ ਟੀਨੂ ਫਿਲੌਰ ਵੀ ਮੌਜੂਦ ਸਨ।