ਸਾਲੇ ਨੇ ਜੀਜੇ ਦੇ ਬੁਟੀਕ 'ਚ ਕੀਤੀ ਭੰਨਤੋੜ, ਨਕਦੀ ਲੈ ਕੇ ਫ਼ਰਾਰ
ਸਾਲੇ ਨੇ ਜੀਜੇ ਦੇ ਬੁਟੀਕ 'ਤੇ ਕੀਤੀ ਭੰਨਤੋੜ, ਨਕਦੀ ਲੈ ਕੇ ਫਰਾਰ
Publish Date: Mon, 13 Apr 2026 09:01 PM (IST)
Updated Date: Mon, 13 Apr 2026 09:04 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਦਸ਼ਮੇਸ਼ ਨਗਰ ਇਲਾਕੇ ’ਚ ਇਕ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਰਲ ਕੇ ਜੀਜੇ ਦੀ ਬੁਟੀਕ 'ਤੇ ਹਮਲਾ ਕਰ ਦਿੱਤਾ। ਦੋਸ਼ ਹੈ ਕਿ ਹਮਲਾਵਰਾਂ ਨੇ ਦੁਕਾਨ ਦੇ ਅੰਦਰ ਭੰਨਤੋੜ ਕੀਤੀ ਤੇ ਉੱਥੇ ਲੱਗੇ ਪੋਸਟਰ ਪਾੜ ਦਿੱਤੇ। ਘਟਨਾ ਸਮੇਂ ਪੀੜਤ ਦੁਕਾਨ ਮਾਲਕ ਸਟੋਰ 'ਤੇ ਮੌਜੂਦ ਨਹੀਂ ਸੀ। ਉਸ ਦੀ ਪਤਨੀ ਤੇ ਕਈ ਹੋਰ ਔਰਤਾਂ ਅੰਦਰ ਸਨ। ਇਸ ਦੌਰਾਨ ਮੁਲਜ਼ਮ ਆਪਣੇ ਸਾਥੀਆਂ ਨਾਲ ਪੁੱਜਾ ਤੇ ਕਥਿਤ ਤੌਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਪੀੜਤ ਅਨੁਸਾਰ ਮੁਲਜ਼ਮ ਦੁਕਾਨ ਦੇ ਕੈਸ਼ ਕਾਊਂਟਰ ’ਚੋਂ ਲਗਭਗ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਭੱਜ ਗਿਆ। ਦੋਸ਼ ਲਾਇਆ ਕਿ ਸਾਲਾ ਨਸ਼ੇ ਦਾ ਆਦੀ ਹੈ। ਜਾਣਕਾਰੀ ਅਨੁਸਾਰ ਇਸ ਘਟਨਾ ਦੀ ਜੜ੍ਹ ’ਚ ਇਕ ਪਰਿਵਾਰਕ ਝਗੜਾ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਰਾਕੇਸ਼ ਕੁਮਾਰ ਦੇ ਅਨੁਸਾਰ ਕੰਟਰੋਲ ਰੂਮ ਤੋਂ ਅਲਰਟ ਮਿਲਣ ਤੋਂ ਤੁਰੰਤ ਬਾਅਦ ਇਕ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ। ਪੁਲਿਸ ਇਸ ਸਮੇਂ ਨੇੜਲੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਦੀ ਜਾਂਚ ਕਰ ਰਹੀ ਹੈ ਤੇ ਮੁਲਜ਼ਮਾਂ ਦੀ ਪਛਾਣ ਕਰਨ ਤੇ ਫੜਨ ਲਈ ਠੋਸ ਯਤਨ ਕੀਤੇ ਜਾ ਰਹੇ ਹਨ।