- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੁੱਟੀਆਂ ਸੜਕਾਂ ਤੇ ਜਾਮ ਸੀਵਰੇਜ... ਇਹੀ ਹੈ ਉਦਯੋਗਿਕ ਖੇਤਰ ਦੀ ਪਹਿਚਾਣ

--ਇੰਡਸਟਰੀ ਜ਼ੋਨ ਨੂੰ ਫੋਕਲ ਪੁਆਇੰਟ ਦੀ ਤਰਜ਼ ’ਤੇ ਇੰਡਸਟਰੀਅਲ ਏਰੀਆ ਐਲਾਨਣ ਦੀ ਮੰਗ
--ਮੇਅਰ, ਨਾਰਥ ਹਲਕਾ ਇੰਚਾਰਜ ਤੇ ਵਿਧਾਇਕ ਨੂੰ ਕਰਵਾਇਆ ਜਾਣੂ, ਸਮੱਸਿਆ ਜਿਉਂ ਦੀ ਤਿਉਂ
--ਗਦਈਪੁਰ, ਬੁਲੰਦਪੁਰ, ਰਾਜਾ ਗਾਰਡਨ, ਰਾਏਪੁਰ ਬੱਲਾਂ ’ਚ ਖੇਤਰ ਵਿਕਸਿਤ ਹੋਣਾ ਸ਼ੁਰੂ, ਸੀਵਰੇਜ ਸਿਸਟਮ ਫੇਲ੍ਹ
--ਉਦਯੋਗਿਕ ਖੇਤਰ ਲਈ ਵੱਖਰਾ ਫੰਡ ਬਣਾਉਣ ਦੀ ਮੰਗ ਤਾਂ ਜੋ ਵਿਕਾਸ ਹੋ ਸਕੇ
--45 ਲੱਖ ਦੇ ਪ੍ਰੋਜੈਕਟ ਤਹਿਤ ਇੰਡਸਟਰੀਅਲ ਐਸਟੇਟ ’ਚ ਸਰਫੇਸ ਲਾਈਨ ਦਾ ਕੰਮ ਅਧੂਰਾ
---350 ਤੋਂ ਵੱਧ ਵੱਖ-ਵੱਖ ਇੰਡਸਟਰੀਆਂ, ਬੁਨਿਆਦੀ ਸੁਵਿਧਾਵਾਂ ਤੋਂ ਵਾਂਝਾ ਇਲਾਕਾ
--ਪਹਿਲਾਂ 400 ਦੇ ਕਰੀਬ ਇੰਡਸਟਰੀਆਂ ਸਨ, ਹੁਣ 1800 ਤੋਂ ਵੱਧ ਲੱਗ ਚੁੱਕੀਆਂ ਹਨ
--ਸਾਲਾਨਾ 700 ਕਰੋੜ ਦਾ ਕਾਰੋਬਾਰ, 9000 ਮਜ਼ਦੂਰਾਂ ਨੂੰ ਰੁਜ਼ਗਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ’ਚ ਅਕਾਲੀ-ਭਾਜਪਾ, ਕਾਂਗਰਸ ਤੇ ਹੁਣ ਆਪ ਸਰਕਾਰ ਵੀ ਜਲੰਧਰ ਦੀ ਇੰਡਸਟਰੀ ਨੂੰ ਵਧੀਆ ਇੰਫਰਾਸਟਰਕਚਰ ਨਹੀਂ ਦੇ ਸਕੀ। ਹਾਲੇ ਵੀ ਇੰਡਸਟਰੀ ਜ਼ੋਨ ’ਚ ਲੱਗੀਆਂ ਇੰਡਸਟਰੀਆਂ ਬੁਨਿਆਦੀ ਸੁਵਿਧਾਵਾਂ ਤੋਂ ਸੱਖਣੀਆਂ ਹਨ। ਟੁੱਟੀਆਂ ਸੜਕਾਂ ਦੇ ਨਾਲ-ਨਾਲ ਸੀਵਰੇਜ ਪ੍ਰਬੰਧ ਵੀ ਦੁਰੁਸਤ ਨਹੀਂ। ਸੜਕਾਂ ’ਤੇ ਡੂੰਘੇ ਟੋਏ ਪਏ ਹਨ। ਮਿੱਟੀ ਵਾਲੀਆਂ ਸੜਕਾਂ ਧੱਸ ਚੁੱਕੀਆਂ ਹਨ। ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਮਾਲ ਢੋਣ ਵਾਲੇ ਵਾਹਨਾਂ ਦਾ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਬਰਸਾਤ ’ਚ ਪਾਣੀ ਇੰਡਸਟਰੀਆਂ ਅੰਦਰ ਦਾਖਲ ਹੋ ਜਾਂਦਾ ਹੈ। ਉਦਯੋਗਿਕ ਸੰਸਥਾਵਾਂ ਨਾਲ ਜੁੜੇ ਲੋਕ ਹਰ ਪਾਰਟੀ ਦੇ ਉਮੀਦਵਾਰਾਂ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਸਮੱਸਿਆ ਜਿਉਂ ਦੀ ਤਿਉਂ ਹੈ। ਗਦਈਪੁਰ, ਰੰਧਾਵਾ ਮਸੰਦਾ, ਬੁਲੰਦਪੁਰ ਤੇ ਰਾਏਪੁਰ ਬੱਲਾਂ ਇੰਡਸਟਰੀ ਜ਼ੋਨ ’ਚ ਸ਼ਾਮਲ ਹੋਣ ਤੋਂ ਬਾਅਦ ਹਜ਼ਾਰਾਂ ਇੰਡਸਟਰੀਆਂ ਲੱਗ ਚੁੱਕੀਆਂ ਹਨ ਪਰ ਇੰਫਰਾਸਟਰਕਚਰ ਨਾਂ ਦੀ ਕੋਈ ਚੀਜ਼ ਹੈ। ਫੋਕਲ ਪੁਆਇੰਟ, ਲੈਦਰ ਕੰਪਲੈਕਸ ਤੇ ਹੋਰ ਇੰਡਸਟਰੀਅਲ ਏਰੀਆਂ ’ਚ ਵੀ ਕਈ ਥਾਵਾਂ ’ਤੇ ਸੀਵਰੇਜ ਸਿਸਟਮ ਬਲਾਕ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜ਼ਿਆਦਾਤਰ ਖੇਤਰ ਪਾਣੀ ’ਚ ਡੁੱਬੇ ਰਹਿੰਦੇ ਹਨ। ਮਜ਼ਦੂਰਾਂ ਦਾ ਆਉਣਾ-ਜਾਣਾ ਵੀ ਔਖਾ ਹੋ ਜਾਂਦਾ ਹੈ।
-------------------------
ਬਰਸਾਤ ਦੇ ਦਿਨਾਂ ’ਚ ਪਾਣੀ ’ਚ ਡੁੱਬ ਜਾਂਦੈ ਇੰਡਸਟਰੀਅਲ ਐਸਟੇਟ
ਇੰਡਸਟਰੀਅਲ ਐਸਟੇਟ ’ਚ 350 ਵੱਖ-ਵੱਖ ਇੰਡਸਟਰੀਆਂ ਹਨ, ਜੋ ਸਾਲਾਨਾ 700 ਕਰੋੜ ਦਾ ਕਾਰੋਬਾਰ ਕਰਦੀਆਂ ਹਨ ਤੇ 9000 ਮਜ਼ਦੂਰਾਂ ਨੂੰ ਰੁਜ਼ਗਾਰ ਦਿੰਦੀਆਂ ਹਨ। ਕਈ ਸਾਲ ਪੁਰਾਣੀਆਂ ਸੀਵਰੇਜ ਪਾਈਪਾਂ ਹਾਲੇ ਵੀ ਵਰਤੀ ਜਾ ਰਹੀਆਂ ਹਨ। ਐਸਟੇਟ ਦਾ ਡਿਸਪੋਜ਼ਲ ਸੰਤੋਖਪੁਰਾ ਰਾਹੀਂ ਫੋਲੜੀਵਾਲ ਤੱਕ ਜਾਂਦਾ ਹੈ। ਨਿਗਮ ਵੱਲੋਂ 45 ਲੱਖ ਰੁਪਏ ਦੇ ਪ੍ਰੋਜੈਕਟ ਤਹਿਤ ਸਰਫੇਸ ਲਾਈਨ ਪਾਉਣੀ ਸੀ ਪਰ ਪ੍ਰੋਜੈਕਟ ਅਧੂਰਾ ਰਹਿ ਗਿਆ। ਐਸਟੇਟ ਦਾ ਡਿਸਪੋਜ਼ਲ ਪਿੰਡ ਜੈਤੇਵਾਲੀ ਤੱਕ ਲਾਈਨ ਪਾਉਣ ਦੀ ਗੱਲ ਵੀ ਅਜੇ ਤੱਕ ਲਟਕੀ ਪਈ ਹੈ।
---------------------
ਗਦਈਪੁਰ ਤੇ ਰੰਧਾਵਾ ਮਸੰਦਾ ’ਚ ਟੁੱਟੀਆਂ ਸੜਕਾਂ
1995 ਤੋਂ ਗਦਈਪੁਰ, ਬੁਲੰਦਪੁਰ, ਰਾਜਾ ਗਾਰਡਨ ਤੇ ਰਾਏਪੁਰ ਬੱਲਾਂ ’ਚ ਵਿਕਾਸ ਸ਼ੁਰੂ ਹੋਇਆ ਸੀ। ਉਸ ਵੇਲੇ 400 ਦੇ ਕਰੀਬ ਇੰਡਸਟਰੀਆਂ ਸਨ, ਹੁਣ 1800 ਤੋਂ ਵੱਧ ਹਨ ਪਰ ਟੁੱਟੀਆਂ ਸੜਕਾਂ ਤੇ ਫੇਲ ਸੀਵਰੇਜ ਸਿਸਟਮ ਕਾਰਨ ਇਲਾਕਾ ਪਾਣੀ ’ਚ ਡੁੱਬਾ ਰਹਿੰਦਾ ਹੈ। ਇੰਡਸਟਰੀ ਵਧਣ ਦੇ ਬਾਵਜੂਦ ਨਿਗਮ ਨੇ ਸੀਵਰੇਜ ਪਾਈਪਾਂ ਨਹੀਂ ਬਦਲੀਆਂ, ਜਿਸ ਨਾਲ ਓਵਰਫਲੋ ਦੀ ਸਮੱਸਿਆ ਆਮ ਹੈ।
-------------------------
ਵਰਿਆਣਾ ਕੰਪਲੈਕਸ, ਕੰਗਣੀਵਾਲ ਤੇ ਜੰਡੂ ਸਿੰਘਾ ’ਚ ਵੀ ਸਮੱਸਿਆ
ਇਨ੍ਹਾਂ ਖੇਤਰਾਂ ’ਚ 700 ਤੋਂ ਵੱਧ ਇੰਡਸਟਰੀਆਂ ਲੱਗ ਚੁੱਕੀਆਂ ਹਨ। 200 ਏਕੜ ’ਚ ਨਵੀਆਂ ਇੰਡਸਟਰੀਆਂ ਆ ਰਹੀਆਂ ਹਨ। ਸੜਕਾਂ, ਪਾਣੀ ਸਪਲਾਈ ਤੇ ਸੀਵਰੇਜ ਦੀ ਸਮੱਸਿਆ ਗੰਭੀਰ ਹੈ। ਸਟ੍ਰੀਟ ਲਾਈਟਾਂ ਤੇ ਸੜਕਾਂ ਟੁੱਟੀਆਂ ਹੋਈਆਂ ਹਨ। 30 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ, ਪਰ ਬੁਨਿਆਦੀ ਢਾਂਚਾ ਫੇਲ੍ਹ ਹੈ।
--------------------------
ਜਲੰਧਰ ਦੀ ਇੰਡਸਟਰੀ ਦਾ ਸਾਲਾਨਾ ਕਾਰੋਬਾਰ
(ਉਦਯੋਗਿਕ ਸੰਸਥਾਵਾਂ ਮੁਤਾਬਕ)
ਹੈਂਡ ਟੂਲਜ਼–1000 ਯੂਨਿਟ, 1400 ਕਰੋੜ ਦਾ ਕਾਰੋਬਾਰ, 40,000 ਲੋਕਾਂ ਨੂੰ ਰੁਜ਼ਗਾਰ
ਫਾਊਂਡਰੀ ਇੰਡਸਟਰੀ–800 ਯੂਨਿਟ, 950 ਕਰੋੜ ਦਾ ਕਾਰੋਬਾਰ, 20,000 ਲੋਕਾਂ ਨੂੰ ਰੁਜ਼ਗਾਰ
ਚੱਪਲ ਤੇ ਫੁਟਵੇਅਰ–200 ਯੂਨਿਟ, 830 ਕਰੋੜ ਦਾ ਕਾਰੋਬਾਰ, 12,000 ਲੋਕਾਂ ਨੂੰ ਰੁਜ਼ਗਾਰ
ਲੈਦਰ ਇੰਡਸਟਰੀ–200 ਯੂਨਿਟ, 500 ਕਰੋੜ ਦਾ ਕਾਰੋਬਾਰ, 10,000 ਲੋਕਾਂ ਨੂੰ ਰੁਜ਼ਗਾਰ
ਇੰਡਕਸ਼ਨ ਤੇ ਫਰਨੇਸ–300 ਯੂਨਿਟ, 700 ਕਰੋੜ ਦਾ ਕਾਰੋਬਾਰ, 9,000 ਲੋਕਾਂ ਨੂੰ ਰੁਜ਼ਗਾਰ
ਪਾਈਪ ਫਿਟਿੰਗ–350 ਯੂਨਿਟ, 600 ਕਰੋੜ ਦਾ ਕਾਰੋਬਾਰ, 7,000 ਲੋਕਾਂ ਨੂੰ ਰੁਜ਼ਗਾਰ
ਖੇਡ ਇੰਡਸਟਰੀ–1300 ਯੂਨਿਟ, 3500 ਕਰੋੜ ਦਾ ਕਾਰੋਬਾਰ, 40,000 ਲੋਕਾਂ ਨੂੰ ਰੁਜ਼ਗਾਰ
ਸਕੈਫੋਲਡਿੰਗ–350 ਯੂਨਿਟ, 1200 ਕਰੋੜ ਦਾ ਕਾਰੋਬਾਰ, 25,000 ਲੋਕਾਂ ਨੂੰ ਰੁਜ਼ਗਾਰ
ਵਾਲਵ ਤੇ ਕਾਕਸ–250 ਯੂਨਿਟ, 600 ਕਰੋੜ ਦਾ ਕਾਰੋਬਾਰ, 15,000 ਲੋਕਾਂ ਨੂੰ ਰੁਜ਼ਗਾਰ
---------------------
ਨਿਤਿਨ ਕਪੂਰ (ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਉਦਯੋਗ ਨਗਰ ਮੈਨਿਊਫੈਕਚਰਜ਼ ਐਸੋਸੀਏਸ਼ਨ) ਨੇ ਕਿਹਾ ਕਿ ਰੰਧਾਵਾ ਮਸੰਦਾ ’ਚ ਇੰਡਸਟਰੀ ਨੂੰ ਕਈ ਸਾਲ ਹੋ ਗਏ ਹਨ ਪਰ ਬੁਨਿਆਦੀ ਢਾਂਚੇ ਨਾਂ ਦੀ ਕੋਈ ਚੀਜ਼ ਨਹੀਂ ਹੈ। ਮਿੱਟੀ ਦੀਆਂ ਸੜਕਾਂ ਧੱਸ ਚੁੱਕੀਆਂ ਹਨ। ਟੋਏ ਪਏ ਹੋਏ ਹਨ। ਵਿਕਾਸ ਨਾ ਹੋਣ ਕਾਰਨ ਖਰੀਦਦਾਰ ਵੀ ਮੂੰਹ ਨਹੀਂ ਕਰਦੇ। ਸਰਕਾਰ ਨੂੰ ਇਕ ਢੁੱਕਵਾਂ ਰੋਡਮੈਪ ਤਿਆਰ ਕਰਨਾ ਚਾਹੀਦਾ ਹੈ।
ਤੁਸ਼ਾਰ ਜੈਨ (ਜਨਰਲ ਸਕੱਤਰ, ਜਲੰਧਰ ਆਟੋ ਪਾਰਟਸ ਮੈਨਿਊਫੈਕਚਰਜ਼ ਐਸੋਸੀਏਸ਼ਨ) ਨੇ ਕਿਹਾ ਕਿ ਸਰਕਾਰ ਨੂੰ ਪਿੱਛੜ ਰਹੀ ਇੰਡਸਟਰੀ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ। ਕੁਝ ਸਮੇਂ ਲਈ ਬਿਜਲੀ ਸਬਸਿਡੀ ਰੋਕ ਕੇ ਇੰਡਸਟਰੀਅਲ ਬੁਨਿਆਦੀ ਢਾਂਚਾ ’ਤੇ ਖਰਚ ਕਰਨਾ ਚਾਹੀਦਾ ਹੈ। ਗਾਰਬੇਜ ਮੈਨੇਜਮੈਂਟ ’ਤੇ ਧਿਆਨ ਦੇਣਾ ਲਾਜ਼ਮੀ ਹੈ। ਉਦਯੋਗਿਕ ਖੇਤਰਾਂ ਲਈ ਵੱਖਰਾ ਫੰਡ ਬਣਾਇਆ ਜਾਣਾ ਚਾਹੀਦਾ ਹੈ।
ਸੁਨੀਲ ਸ਼ਰਮਾ (ਪ੍ਰਧਾਨ, ਇੰਜੀਨੀਅਰਿੰਗ ਇੰਡਸਟਰੀ ਐਸੋਸੀਏਸ਼ਨ) ਨੇ ਕਿਹਾ ਕਿ ਨਵੀਆਂ ਇੰਡਸਟਰੀਆਂ ਲੱਗ ਰਹੀਆਂ ਹਨ ਪਰ ਬੁਨਿਆਦੀ ਢਾਂਚਾ ਨਹੀਂ। ਸਰਕਾਰੀ ਨੁਮਾਇੰਦਿਆਂ ਨੇ ਵਾਅਦੇ ਤਾਂ ਕੀਤੇ ਪਰ ਕੋਈ ਸਥਾਈ ਹੱਲ ਨਹੀਂ ਨਿਕਲਿਆ।
ਗੁਰਚਰਨ ਸਿੰਘ (ਪ੍ਰਧਾਨ, ਐੱਮਐੱਸਐੱਮਈ ਇੰਡਸਟ੍ਰੀਜ਼ ਐਸੋਸੀਏਸ਼ਨ) ਨੇ ਕਿਹਾ ਕਿ ਇੰਡਸਟਰੀ ਜ਼ੋਨ ਨੂੰ ਫੋਕਲ ਪੁਆਇੰਟ ਦੀ ਤਰਜ਼ ’ਤੇ ਇੰਡਸਟਰੀਅਲ ਏਰੀਆ ਐਲਾਨਿਆ ਜਾਵੇ। ਰੋਡਮੈਪ ਤੇ ਨਕਸ਼ਾ ਤਿਆਰ ਕੀਤਾ ਜਾਵੇ। ਸੀਐੱਲਯੂ ਤੇ ਐੱਨਓਸੀ ਮਾਫ ਕੀਤੀਆਂ ਜਾਣ। ਇੰਡਸਟਰੀ ਸਰਕਾਰ ਨੂੰ ਰੈਵੀਨਿਊ ਦਿੰਦੀ ਹੈ ਪਰ ਬੁਨਿਆਦੀ ਸੁਵਿਧਾਵਾਂ ਨਹੀਂ ਮਿਲਦੀਆਂ।