ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਨੂੰ ਲੋਕਾਂ ਤੱਕ ਪਹੁੰਚਾ ਰਿਹੈ : ਯੁਵਰਾਜ ਸਿੰਘ
ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਨੂੰ ਲੋਕਾਂ ਤੱਕ ਪਹੁੰਚਾ ਰਿਹਾ - ਸਮਾਜ ਸੇਵੀ ਯੁਵਰਾਜ ਸਿੰਘ
Publish Date: Tue, 17 Mar 2026 07:23 PM (IST)
Updated Date: Tue, 17 Mar 2026 07:25 PM (IST)
-ਸ਼ਹੀਦੀ ਦਿਹਾੜੇ ਮੌਕੇ ਨੌਵੀਂ ਵਾਰ ਵੰਡੀਆਂ ਜਾਣਗੀਆਂ 3000 ਕਿਤਾਬਾਂ
-ਕਿਹਾ, ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਨੌਜਵਾਨ ਪੀੜੀ ’ਚ ਪਹੁੰਚਾਉਣਾ ਹੈ ਸੰਕਲਪ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 23 ਮਾਰਚ ਨੂੰ ਦੇਸ਼ ਭਰ ’ਚ ਕੌਮੀ ਸ਼ਹੀਦ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਫਾਂਸੀ ਦਾ ਰੱਸਾ ਚੁੰਮ ਲਿਆ ਤੇ ਸ਼ਹੀਦੀ ਦੇ ਦਿੱਤੀ। ਉਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਲੰਧਰ ’ਚ ਇਕ ਨੌਜਵਾਨ ਯੁਵਰਾਜ ਸਿੰਘ ਜੋ ਪੇਸ਼ੇ ਵਜੋਂ ਵਕੀਲ ਹੈ ਤੇ ਉੱਘਾ ਸਮਾਜ ਸੇਵੀ ਵੀ ਹੈ। ਉਸ ਵੱਲੋਂ ਹਰ ਸਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਉਨ੍ਹਾਂ ਵੱਲੋਂ ਲਿਖੀਆਂ ਲਿਖਤਾਂ ਨੂੰ ਕਿਤਾਬਾਂ ਦੇ ਰੂਪ ’ਚ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਯੁਵਰਾਜ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੰਕਲਪ ਇਹ ਹੈ ਕਿ ਅੱਜ ਦੀ ਨੌਜਵਾਨ ਪੀੜੀ ਜੋ ਆਪਣੇ ਅਸਲ ਨਾਇਕਾਂ ਨੂੰ ਭੁੱਲ ਰਹੀ ਹੈ ਤੇ ਸੋਸ਼ਲ ਮੀਡੀਆ ਸਣੇ ਹੋਰ ਕਈ ਮੰਚਾਂ ਤੋਂ ਮਨਚਾਹੀ ਜਾਣਕਾਰੀ ਸਾਂਝੀ ਕਰਨ ਵਾਲਿਆਂ ਨੂੰ ਫੋਲੋ ਕਰ ਬੈਠੇ ਨੇ। ਸਾਡਾ ਅਸਲ ਮਨੋਰਥ ਇਹੀ ਹੈ ਕਿ ਭਗਤ ਸਿੰਘ ਦੀਆਂ ਆਪਣੀਆਂ ਅਸਲ ਲਿਖਤਾਂ ਤੇ ਉਨ੍ਹਾਂ ਦੀ ਸੋਚ ਨੂੰ ਨੌਜਵਾਨਾਂ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਵਾਰ ਅਸੀਂ 3000 ਕਿਤਾਬਾਂ ਦੀ ਵੰਡ ਕੀਤੀ ਜਾ ਰਹੀ ਹੈ ਤੇ ਸਾਡੀ ਇਹ ਹੀ ਸੱਚੀ ਸ਼ਰਧਾਂਜਲੀ ਸਾਡੇ ਮਹਾਨ ਨਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਹੈ ਕਿ ਉਨ੍ਹਾਂ ਵੱਲੋਂ ਦੇਸ਼ ਪ੍ਰਤੀ ਦਿਖਾਈ ਦੇਸ਼ ਭਗਤੀ ਭਾਵਨਾ ਨੂੰ ਨੌਜਵਾਨਾਂ ’ਚ ਮੁੜ ਸੁਰਜੀਤ ਕੀਤਾ ਜਾਵੇ।