ਦੋ ਧਿਰਾਂ ਵਿਚਾਲੇ ਲੜਾਈ ’ਚ ਚੱਲੀਆਂ ਇੱਟਾਂ, ਸਾੜਿਆ ਮੋਟਰਸਾਈਕਲ
ਦੋ ਗੁੱਟਾਂ 'ਚ ਲੜਾਈ ਮੌਕੇ ਚੱਲੀਆਂ ਇੱਟਾਂ, ਮੋਟਰਸਾਈਕਲ ਸਾੜਿਆ
Publish Date: Thu, 12 Feb 2026 07:50 PM (IST)
Updated Date: Thu, 12 Feb 2026 07:53 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਅੱਜ ਦੁਪਹਿਰ ਬਾਅਦ 2 ਵਜੇ ਦੇ ਕਰੀਬ ਅੱਡਾ ਮੱਲ੍ਹੀਆਂ ਕਲਾਂ ਵਿਖੇ ਉਸ ਵੇਲੇ ਭਾਜੜ ਮੱਚ ਗਈ ਜਦੋਂ ਮੋਟਰਸਾਈਕਲਾਂ ’ਤੇ ਸਵਾਰ ਅਣਪਛਾਤੇ ਦੋ ਧਿਰਾਂ ਦੇ ਵਿਅਕਤੀ ਹੱਥਾਂ ’ਚ ਕਿਰਪਾਨਾਂ, ਟਕੂਏ ਲੈ ਕੇ ਪੁੱਜੇ ਤੇ ਆਪਸ ’ਚ ਬਹਿਸਬਾਜ਼ੀ ਕਰਨ ਉਪਰੰਤ ਇੱਟਾਂ ਰੋੜੇ ਚੱਲ ਪਏ। ਇਸ ਮਗਰੋਂ ਕੁਝ ਵਿਅਕਤੀ ਉਥੋਂ ਭੱਜ ਨਿਕਲੇ ਤੇ ਉੱਥੇ ਖੜ੍ਹੇ ਕੁਝ ਵਿਅਕਤੀਆਂ ਵੱਲੋਂ ਉਨਾਂ ਦੇ ਇਕ ਮੋਟਰਸਾਈਕਲ ਨੂੰ ਮੌਕੇ ’ਤੇ ਅੱਗ ਲਗਾ ਦਿੱਤੀ ਗਈ ਜੋ ਕਿ ਪੂਰੀ ਤਰ੍ਹਾਂ ਸੜ ਗਿਆ। ਇਸ ਮੋਟਰਸਾਈਕਲ ਦੇ ਅੱਗੇ ਨਾ ਪਿੱਛੇ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ। ਉਕਤ ਵਿਅਕਤੀਆਂ ਦੀ ਹੁੱਲੜਬਾਜ਼ੀ ਦੇਖ ਕੇ ਦੁਕਾਨਦਾਰ ਵੀ ਸਹਿਮ ਗਏ ਤੇ ਦੁਕਾਨਾਂ ਦੇ ਸ਼ਟਰ ਸੁੱਟ ਲਏ। ਗਨੀਮਤ ਰਹੀ ਕਿ ਜਿਸ ਤਰ੍ਹਾਂ ਇੱਟਾਂ ਚੱਲ ਰਹੀਆਂ ਸਨ ਉਹ ਕਿਸੇ ਦੇ ਨਹੀਂ ਲੱਗੀਆਂ ਪਰ ਉਥੋਂ ਲੰਘ ਰਹੀਆਂ ਕੁਝ ਗੱਡੀਆਂ ’ਤੇ ਜ਼ਰੂਰ ਲੱਗੀਆਂ। ਇਸ ਲੜਾਈ ਦੀ ਘਟਨਾ ਉਪਰੰਤ 112 ਨੰਬਰ ਉੱਪਰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੂੰ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਨਕੋਦਰ ਦੇ ਐੱਸਐੱਚਓ ਦਿਲਬਾਗ ਸਿੰਘ ਤੇ ਐੱਸਆਈ ਤਜਿੰਦਰ ਸਿੰਘ ਮੌਕੇ ’ਤੇ ਪੁੱਜੇ। ਪੁਲਿਸ ਨੇ ਮੌਕੇ ’ਤੇ ਦੁਕਾਨਦਾਰਾਂ ਤੋਂ ਪੁੱਛਕਿਛ ਕੀਤੀ ਤੇ ਸੀਸੀਟੀਵੀ ਫੁਟੇਜ ਦੇ ਕੈਮਰੇ ਖੰਘਾਲੇ। ਐੱਸਐੱਚਓ ਦਿਲਬਾਗ ਸਿੰਘ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਤਬਤੀਸ਼ ਕੀਤੀ ਜਾ ਰਹੀ ਹੈ ਕਿ ਇਸ ਲੜਾਈ ਦਾ ਕੀ ਕਾਰਨ ਹੈ। ਜਲਦੀ ਹੀ ਉਕਤ ਮੁਲਜ਼ਮਾਂ ਦੀ ਪਛਾਣ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ। ਮੱਲ੍ਹੀਆਂ ਕਲਾਂ ਦੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਤੁਰੰਤ ਰੋਕਿਆ ਜਾਵੇ ਤੇ ਪੁਲਿਸ ਦੀ ਗਸ਼ਤ ਵਧਾਈ ਜਾਵੇ।