ਖਾਦੀ ਗ੍ਰਾਮ ਉਦਯੋਗ ਦੇ ਚੇਅਰਮੈਨ ਆਹਲੂਵਾਲੀਆ ਕਿਤਾਬਾਂ ਦੇ ਕੇ ਸਨਮਾਨਿਆ
ਬੁਕੇ ਦੀ ਥਾਂ ਕਿਤਾਬਾਂ: ਗਗਨਦੀਪ ਸਿੰਘ ਆਹਲੂਵਾਲੀਆ ਨੂੰ ਨਵੀਂ ਜ਼ਿੰਮੇਵਾਰੀ ’ਤੇ ਸਨਮਾਨਿਤ
Publish Date: Thu, 12 Mar 2026 08:09 PM (IST)
Updated Date: Thu, 12 Mar 2026 08:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੜ੍ਹਾਈ ਤੇ ਗਿਆਨ ਨੂੰ ਉਤਸ਼ਾਹਿਤ ਕਰਨ ਵਾਲੀ ਵਿਲੱਖਣ ਪਹਿਲ ’ਚ ਚੰਡੀਗੜ੍ਹ ਵਿਖੇ ਪੰਜਾਬ ਖਾਦੀ ਗ੍ਰਾਮ ਉਦਯੋਗ ਬੋਰਡ ਦੇ ਚੇਅਰਮੈਨ ਨੂੰ ਕਿਤਾਬਾਂ ਤੇ ਕਾਪੀਆਂ ਦੇ ਕੇ ਸਨਮਾਨਿਤ ਕੀਤਾ। ਚੰਡੀਗੜ੍ਹ ਪੰਜਾਬ ਖਾਦੀ ਗ੍ਰਾਮ ਉਦਯੋਗ ਬੋਰਡ ਦੇ ਨਵੇਂ ਚੇਅਰਮੈਨ ਵਜੋਂ ਜ਼ਿੰਮੇਵਾਰੀ ਸੰਭਾਲਣ ਦੇ ਮੌਕੇ ਗਗਨਦੀਪ ਸਿੰਘ ਆਲੁਵਾਲੀਆ (ਕਾਕੂ) ਨੂੰ ਮੁੱਖ ਆਗੂਆਂ ਵੱਲੋਂ ਦਿਲੋਂ ਵਧਾਈ ਦਿੱਤੀ ਗਈ। ਇਸ ਮੌਕੇ ’ਤੇ ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ ਨਿਤੀਨ ਕੋਹਲੀ, ਓਐੱਸਡੀ ਮੁੱਖ ਮੰਤਰੀ ਪੰਜਾਬ ਰਾਜਵੀਰ ਸਿੰਘ ਘੁੰਮਣ, ਕੈਬਨਿਟ ਮੰਤਰੀ ਮਹਿੰਦਰ ਭਗਤ ਤੇ ਜਲੰਧਰ ਦੇ ਮੇਅਰ ਵਨੀਤ ਧੀਰ ਵੀ ਮੌਜੂਦ ਸਨ। ਇਕ ਵਿਲੱਖਣ ਪਹਿਲ ਕਰਦਿਆਂ ਨਿਤਿਨ ਕੋਹਲੀ ਤੇ ਰਾਜਬੀਰ ਸਿੰਘ ਘੁੰਮਣ ਨੇ ਗਗਨਦੀਪ ਸਿੰਘ ਆਹਲੂਵਾਲੀਆ ਨੂੰ ਫੁੱਲਾਂ ਦੀ ਥਾਂ ਕਿਤਾਬਾਂ ਤੇ ਕਾਪੀਆਂ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਗਿਆਨ ਤੇ ਸਿੱਖਿਆ ਨੂੰ ਉਤਸ਼ਾਹਤ ਕਰਨ ਲਈ ਕਿਤਾਬਾਂ ਸਭ ਤੋਂ ਵਧੀਆ ਤੋਹਫ਼ਾ ਹਨ ਤੇ ਇਹ ਨੌਜਵਾਨ ਪੀੜ੍ਹੀ ਨੂੰ ਪੜ੍ਹਨ-ਲਿਖਣ ਲਈ ਪ੍ਰੇਰਿਤ ਕਰਨਗੀਆਂ। ਕੋਹਲੀ ਨੇ ਗਗਨਦੀਪ ਸਿੰਘ ਆਹਲੂਵਾਲੀਆ ਨੂੰ ਮਿਲੀ ਇਹ ਨਵੀਂ ਜ਼ਿੰਮੇਵਾਰੀ ਬਾਰੇ ਉਨ੍ਹਾਂ ਦੀ ਲੰਬੇ ਸਮੇਂ ਦੀ ਮਿਹਨਤ ਤੇ ਲੋਕ ਸੇਵਾ ਦਾ ਨਤੀਜਾ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਯਕੀਨ ਦਿਵਾਇਆ ਕਿ ਆਹਲੂਵਾਲੀਆ ਖਾਦੀ ਗ੍ਰਾਮ ਉਦਯੋਗ ਨਾਲ ਜੁੜੇ ਕਾਰੀਗਰਾਂ ਤੇ ਛੋਟੇ ਉਦਯੋਗਾਂ ਨੂੰ ਮਜ਼ਬੂਤ ਕਰਨ ਲਈ ਮਹੱਤਵਪੂਰਨ ਕਦਮ ਚੁੱਕਣਗੇ। ਕੈਬਨਿਟ ਮੰਤਰੀ ਮਹਿੰਦਰ ਭਗਤ, ਮੇਅਰ ਵਨੀਤ ਧੀਰ, ਓਐੱਸਡੀ ਮੁੱਖ ਮੰਤਰੀ ਪੰਜਾਬ ਰਾਜਬੀਰ ਸਿੰਘ ਘੁੰਮਣ ਤੇ ਹੋਰ ਆਗੂਆਂ ਨੇ ਵੀ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਮੁਬਾਰਕਬਾਦ ਦਿੱਤੀ ਤੇ ਸ਼ੁਭਕਾਮਨਾਵਾਂ ਦਿੱਤੀਆਂ।