ਝਾੜੀਆਂ ’ਚੋਂ ਮਿਲੀ ਨੌਜਵਾਨ ਦੀ ਲਾਸ਼
ਐੱਫਸੀਆਈ ਗੋਦਾਮ ਦੇ ਪਿੱਛੇ ਝਾੜੀਆਂ ’ਚੋਂ ਨੌਜਵਾਨ ਦੀ ਲਾਸ਼ ਮਿਲੀ
Publish Date: Wed, 11 Mar 2026 08:48 PM (IST)
Updated Date: Wed, 11 Mar 2026 08:51 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਗਾਂਧੀ ਕੈਂਪ ਇਲਾਕੇ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਐੱਫਸੀਆਈ ਗੁਦਾਮ ਪਿੱਛੇ ਝਾੜੀਆਂ ’ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੀ ਪਛਾਣ ਸ਼ਿਬੂ ਵਾਸੀ ਗੜਾ ਵਜੋਂ ਹੋਈ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਰਾਹਗੀਰਾਂ ਨੇ ਲਾਸ਼ ਨੂੰ ਝਾੜੀਆਂ ’ਚ ਪਈ ਦੇਖਿਆ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੇ ਪੁਲਿਸ ਟੀਮ ਨੇ ਮੌਕੇ ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ’ਚ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਨੇੜਲੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਸਥਿਤੀ ਦਾ ਜਾਇਜ਼ਾ ਲਿਆ। ਘਟਨਾ ਦੀ ਖ਼ਬਰ ਮਿਲਦਿਆਂ ਹੀ ਮ੍ਰਿਤਕ ਦਾ ਪਰਿਵਾਰ ਵੀ ਮੌਕੇ ਤੇ ਪੁੱਜਾ। ਮ੍ਰਿਤਕ ਦੀ ਮਾਸੀ ਦੀਪਾ ਨੇ ਦੱਸਿਆ ਕਿ ਸ਼ਿਬੂ ਸੰਵਿਧਾਨ ਚੌਕ ਨੇੜੇ ਇਕ ਦੁਕਾਨ ਤੇ ਸੀਟ ਕਵਰ ਬਣਾਉਣ ਦਾ ਕੰਮ ਕਰਦਾ ਸੀ। ਕੁਝ ਸਮਾਂ ਪਹਿਲਾਂ, ਉਸ ਦਾ ਆਪਣੇ ਪਰਿਵਾਰ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਹ ਲਗਪਗ 7-8 ਮਹੀਨੇ ਉਨ੍ਹਾਂ ਨਾਲ ਰਿਹਾ। ਸਮਝੌਤਾ ਕਰਨ ਤੋਂ ਬਾਅਦ ਉਹ ਗੜਾ ਸਥਿਤ ਆਪਣੇ ਘਰ ਵਾਪਸ ਆ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਚਾਨਕ ਸ਼ਿਬੂ ਦੀ ਮੌਤ ਦੀ ਖ਼ਬਰ ਮਿਲੀ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚ ਗਏ। ਫਿਲਹਾਲ ਨੌਜਵਾਨ ਦੀ ਮੌਤ ਦੇ ਹਾਲਾਤ ਸਪੱਸ਼ਟ ਨਹੀਂ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਭੇਜ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪੁਲਿਸ ਅਨੁਸਾਰ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ਤੇ ਰਿਪੋਰਟ ਦੇ ਆਧਾਰ ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।