ਕਮਰੇ ’ਚ ਮਿਲੀ ਨੌਜਵਾਨ ਲੜਕੀ ਦੀ ਲਾਸ਼, ਨਸ਼ੇ ਨਾਲ ਮੌਤ ਦਾ ਸ਼ੱਕ
ਖਾਂਬੜਾ ’ਚ ਕਮਰੇ ਤੋਂ ਮਿਲੀ ਨੌਜਵਾਨ ਲੜਕੀ ਦੀ ਲਾਸ਼, ਨਸ਼ੇ ਨਾਲ ਮੌਤ ਦਾ ਸ਼ੱਕ
Publish Date: Sat, 14 Mar 2026 09:25 PM (IST)
Updated Date: Sat, 14 Mar 2026 09:27 PM (IST)

-ਪਰਿਵਾਰ ਦਾ ਦੋਸ਼, ਪਤੀ ਨੇ ਕੀਤਾ ਕਤਲ, ਦੋਵੇਂ ਨਸ਼ੇ ਦੇ ਆਦੀ ਸਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਖਾਂਬੜਾ ’ਚ ਇਕ ਨੌਜਵਾਨ ਲੜਕੀ ਦੀ ਲਾਸ਼ ਕਮਰੇ ਤੋਂ ਮਿਲੀ ਹੈ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਧੀ ਨੂੰ ਉਸ ਦੇ ਪਤੀ ਨੇ ਮਾਰ ਦਿੱਤਾ ਹੈ। ਹਾਲਾਂਕਿ ਮੌਤ ਦਾ ਅਸਲ ਕਾਰਨ ਹਾਲੇ ਸਾਹਮਣੇ ਨਹੀਂ ਆਇਆ ਪਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਨਸ਼ੇ ਕਾਰਨ ਉਸ ਦੀ ਮੌਤ ਹੋਈ ਹੋ ਸਕਦੀ ਹੈ। ਮ੍ਰਿਤਕਾ ਦੀ ਪਛਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਹੈ। ਸਾਬਕਾ ਸਰਪੰਚ ਰਾਜਵਿੰਦਰ ਕੌਰ ਨੇ ਦੱਸਿਆ ਕਿ ਸਵੇਰੇ ਕਰਨ ਦੀ ਮਾਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਘਰ ’ਚ ਨੂੰਹ ਦੀ ਲਾਸ਼ ਪਈ ਹੈ। ਉਹ ਮੌਕੇ ’ਤੇ ਪਹੁੰਚੇ ਤੇ ਪੁਲਿਸ ਨੂੰ ਸੂਚਿਤ ਕੀਤਾ। ਸਾਬਕਾ ਸਰਪੰਚ ਨੇ ਦੱਸਿਆ ਕਿ ਮਨਪ੍ਰੀਤ ਕੌਰ ਤੇ ਕਰਨ ਦੋਵੇਂ ਨਸ਼ੇ ਦੇ ਆਦੀ ਸਨ। ਦੋਵਾਂ ਨੂੰ ਕਈ ਵਾਰ ਨਸ਼ਾ ਛੁਡਾਊ ਕੇਂਦਰ ’ਚ ਵੀ ਦਾਖਲ ਕਰਵਾਇਆ ਗਿਆ ਸੀ ਪਰ ਬਾਹਰ ਆ ਕੇ ਫਿਰ ਨਸ਼ਾ ਕਰਨ ਲੱਗ ਜਾਂਦੇ ਸਨ। ਮ੍ਰਿਤਕਾ ਦੀ ਭੂਆ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ ਸਾਢੇ 11 ਵਜੇ ਭਰਾ ਦੀ ਕਾਲ ਆਈ ਕਿ ਮਨਪ੍ਰੀਤ ਨੂੰ ਮਾਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਸ ਨੂੰ ਕਿਵੇਂ ਮਾਰਿਆ ਗਿਆ। ਜਦੋਂ ਉਹ ਦੁਪਹਿਰ ਨੂੰ ਖਾਂਬਰੇ ਪਹੁੰਚੇ ਤਾਂ ਦੇਖਿਆ ਕਿ ਲੜਕੀ ਦੀ ਲਾਸ਼ ਪਈ ਹੋਈ ਸੀ। ਪਤੀ ਤੇ ਪਤਨੀ ਦੋਵੇਂ ਨਸ਼ਾ ਕਰਦੇ ਸਨ। ਨੌਜਵਾਨ ਦੇ ਪਿਤਾ ਰੂਪ ਲਾਲ ਨੇ ਦੱਸਿਆ ਕਿ ਪੁੱਤਰ ਤੇ ਨੂੰਹ ਉਨ੍ਹਾਂ ਤੋਂ ਵੱਖ ਰਹਿੰਦੇ ਸਨ। ਸਵੇਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਨੂੰਹ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਉਹ ਮੌਕੇ ’ਤੇ ਪੁੱਜੇ ਤੇ ਦੇਖਿਆ ਕਿ ਮਨਪ੍ਰੀਤ ਦੀ ਲਾਸ਼ ਪਈ ਹੋਈ ਸੀ। ਉਨ੍ਹਾਂ ਕਈ ਵਾਰ ਨਸ਼ਾ ਨਾ ਕਰਨ ਤੋਂ ਰੋਕਿਆ ਵੀ ਸੀ ਪਰ ਉਹ ਗੱਲ ਨਹੀਂ ਮੰਨਦੇ ਸਨ। ਫਤਿਹਪੁਰ ਚੌਕੀ ਦੇ ਏਐੱਸਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਖਾਂਬਰੇ ਦੇ ਇਕ ਘਰ ’ਚ ਲੜਕੀ ਦੀ ਲਾਸ਼ ਪਈ ਹੈ। ਇਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ। ਜਾਂਚ ’ਚ ਸਾਹਮਣੇ ਆਇਆ ਕਿ ਲੜਕੀ ਨਸ਼ੇ ਦੀ ਆਦੀ ਸੀ ਤੇ ਪਿਛਲੇ ਕੁਝ ਸਾਲਾਂ ਤੋਂ ਖਾਂਬਰੇ ’ਚ ਇਕ ਨੌਜਵਾਨ ਨਾਲ ਰਹਿ ਰਹੀ ਸੀ। ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।