ਮੈਡੀਕਲ ਸਟੋਰ ’ਤੇ ਲੁੱਟ ਦੀ ਕੋਸ਼ਿਸ਼
ਮੈਡੀਕਲ ਸਟੋਰ 'ਤੇ ਖੂਨੀ ਝੜਪ
Publish Date: Tue, 14 Apr 2026 09:28 PM (IST)
Updated Date: Tue, 14 Apr 2026 09:30 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਮੰਗਲਵਾਰ ਦੇਰ ਸ਼ਾਮ ਘਾਹ ਮੰਡੀ ਖੇਤਰ ’ਚ ਸਥਿਤ ਜਗਦੰਬੇ ਮੈਡੀਕਲ ਸਟੋਰ ’ਚ ਇਕ ਮਾਮੂਲੀ ਝਗੜਾ ਅਚਾਨਕ ਹਿੰਸਕ ਟਕਰਾਅ ’ਚ ਬਦਲ ਗਿਆ। ਕੁਝ ਹੀ ਪਲਾਂ ’ਚ ਦੋਵਾਂ ਧਿਰਾਂ ਝੜਪ ਹੋ ਗਈ। ਇਸ ਦੌਾਰਨ ਦੋ ਵਿਅਕਤੀਆਂ ਦੇ ਸਿਰ ’ਚ ਸੱਟਾਂ ਲੱਗੀਆਂ। ਚਸ਼ਮਦੀਦਾਂ ਅਨੁਸਾਰ ਇਕ ਨੌਜਵਾਨ ਦਵਾਈ ਖਰੀਦਣ ਲਈ ਮੈਡੀਕਲ ਸਟੋਰ 'ਤੇ ਪਹੁੰਚਿਆ ਸੀ। ਇਸ ਦੌਰਾਨ ਉਸ ਦੀ ਦੁਕਾਨ ਮਾਲਕ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਨੌਜਵਾਨ ਨੇ ਆਪਣੇ ਦੋ ਸਾਥੀਆਂ ਨੂੰ ਮੌਕੇ 'ਤੇ ਬੁਲਾਇਆ। ਇਸ ਤੋਂ ਬਾਅਦ ਨੌਜਵਾਨਾਂ ਦੀ ਦੁਕਾਨ ਮਾਲਕ ਤੇ ਉਸ ਦੇ ਇਕ ਸਹਾਇਕ ਵਿਚਾਲੇ ਖੂਨੀ ਝੜਪ ਹੋ ਗਈ। ਮੈਡੀਕਲ ਸਟੋਰ ਦੇ ਮਾਲਕ ਨੇ ਦੋਸ਼ ਲਗਾਇਆ ਕਿ ਝਗੜੇ ਦੌਰਾਨ ਨੌਜਵਾਨ ਨੇ ਦਵਾਈ ਦਾ ਡੱਬਾ ਤੇ ਕੈਸ਼ ਕਾਊਂਟਰ ਤੋਂ ਲਗਭਗ 700 ਰੁਪਏ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੌਜੂਦ ਲੋਕ ਉਸ ਨੂੰ ਫੜਨ ’ਚ ਕਾਮਯਾਬ ਹੋ ਗਏ। ਇਹ ਲੁੱਟ ਦੀ ਕੋਸ਼ਿਸ਼ ਸੀ ਤੇ ਹਮਲਾ ਉਸ ਦੇ ਵਿਰੋਧ ਦੇ ਬਦਲੇ ’ਚ ਕੀਤਾ ਗਿਆ ਸੀ। ਦੂਜੇ ਪਾਸੇ ਫੜੇ ਗਏ ਨੌਜਵਾਨ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਬੇਗੁਨਾਹੀ ਦਾ ਦਾਅਵਾ ਕੀਤਾ। ਉਸ ਨੇ ਕਿਹਾ ਕਿ ਦਵਾਈ ਖਰੀਦਣ ਲਈ ਇਕ ਦੋਸਤ ਨਾਲ ਸਟੋਰ 'ਤੇ ਆਇਆ ਸੀ। ਚੋਰੀ ਦਾ ਝੂਠਾ ਦੋਸ਼ ਲਗਾਉਣ ਤੋਂ ਹਮਲਾ ਕੀਤਾ ਗਿਆ ਸੀ। ਹਾਜਮੋਲਾ ਤੇ ਪੈਸੇ ਦੀ ਚੋਰੀ ਬਾਰੇ ਦਾਅਵਾ ਪੂਰੀ ਤਰ੍ਹਾਂ ਬੇਬੁਨਿਆਦ ਹੈ। ਮੈਡੀਕਲ ਸਟੋਰ ਦੇ ਮਾਲਕ ਨੂੰ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਉਸ ਦੇ ਸਿਰ ’ਚ ਡੂੰਘੀਆਂ ਸੱਟਾਂ ਲੱਗੀਆਂ ਹਨ, ਹਾਲਾਂਕਿ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ, ਪੁਲਿਸ ਮੌਕੇ 'ਤੇ ਪਹੁੰਚੀ ਤੇ ਸਥਿਤੀ ਨੂੰ ਕਾਬੂ ’ਚ ਲਿਆਂਦਾ। ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਹਨ, ਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।