ਜੀਐੱਨਡੀਯੂ ਕਾਲਜ ’ਚ 35 ਵਿਦਿਆਰਥੀਆਂ ਨੇ ਕੀਤਾ ਖੂਨਦਾਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ’ਚ ਖੂਨ ਦਾਨ ਕੈਂਪ, 35 ਵਿਦਿਆਰਥੀਆਂ ਨੇ ਕੀਤਾ ਖੂਨ ਦਾਨ
Publish Date: Thu, 19 Mar 2026 10:04 PM (IST)
Updated Date: Thu, 19 Mar 2026 10:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਲਾਡੋਵਾਲੀ ਰੋਡ ਵਿਖੇ ਐੱਨਐੱਸਐੱਸ ਯੂਨਿਟ ਵੱਲੋਂ ਇਕ ਰੋਜ਼ਾ ਖੂਨ ਦਾਨ ਕੈਂਪ ਦਾ ਵਿਸ਼ਾਲ ਪੱਧਰ ’ਤੇ ਲਾਇਆ ਗਿਆ। ਇਸ ਕੈਂਪ ’ਚ 35 ਵਿਦਿਆਰਥੀਆਂ ਨੇ ਸਵੈ-ਇੱਛਾ ਨਾਲ ਖੂਨ ਦਾਨ ਕਰਕੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ ਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ। ਕੈਂਪ ਦਾ ਮੁੱਖ ਉਦੇਸ਼ ਲੋਕਾਂ ’ਚ ਖੂਨ ਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਤੇ ਲੋੜਵੰਦ ਮਰੀਜ਼ਾਂ ਲਈ ਸਮੇਂ ਸਿਰ ਖੂਨ ਦੀ ਉਪਲਬਧਤਾ ਯਕੀਨੀ ਬਣਾਉਣਾ ਸੀ। ਕੈਂਪ ਸਵੇਰੇ ਸ਼ੁਰੂ ਹੋਇਆ ਜਿੱਥੇ ਰਜਿਸਟ੍ਰੇਸ਼ਨ, ਮੈਡੀਕਲ ਚੈਕਅੱਪ ਤੇ ਖੂਨਦਾਨ ਦੀ ਪ੍ਰਕਿਰਿਆ ਸੁਚੱਜੇ ਤੇ ਸੁਰੱਖਿਅਤ ਢੰਗ ਨਾਲ ਕੀਤੀ ਗਈ। ਐੱਨਐੱਸਐੱਸ ਦੇ ਇੰਚਾਰਜ ਡਾ. ਲਖਵੀਰ ਸਿੰਘ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਜੋ ਕਿਸੇ ਵੀ ਲੋੜਵੰਦ ਦੀ ਜ਼ਿੰਦਗੀ ਬਚਾਅ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਭਵਿੱਖ ’ਚ ਵੀ ਅਜਿਹੇ ਸਮਾਜ ਸੇਵੀ ਉਪਰਾਲਿਆਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ। ਕੈਂਪ ਦੌਰਾਨ ਡਾ. ਸ਼ਸ਼ੀ ਦੀ ਅਗਵਾਈ ਹੇਠ ਮੈਡੀਕਲ ਟੀਮ ਤੇ ਸਹਾਇਕ ਸਟਾਫ ਪਰਮਿੰਦਰ, ਰਵਜੀਤ, ਦਵਿੰਦਰ, ਆਰਤੀ ਤੇ ਵਿਨੋਦ ਨੇ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਪੂਰਾ ਕੀਤਾ। ਸਾਰੇ ਖੂਨਦਾਨੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਤੇ ਸੁਰੱਖਿਆ ਦੇ ਮਾਪਦੰਡਾਂ ਦੀ ਪਾਲਣਾ ਕੀਤੀ ਗਈ। ਖੂਨਦਾਨ ਤੋਂ ਬਾਅਦ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਤੇ ਰਿਫਰੈੱਸ਼ਮੈਂਟ ਵੀ ਦਿੱਤੀ ਗਈ। ਕਾਲਜ ਪ੍ਰਸ਼ਾਸਨ ਵੱਲੋਂ ਮੈਡੀਕਲ ਟੀਮ, ਵਲੰਟੀਅਰਾਂ ਤੇ ਖੂਨਦਾਨੀਆ ਦਾ ਧੰਨਵਾਦ ਕਰਦਿਆਂ ਭਵਿੱਖ ’ਚ ਵੀ ਅਜਿਹੇ ਸਮਾਜ ਸੇਵੀ ਉਪਰਾਲਿਆਂ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ।