ਬੀਐੱਲਓ ਨੇ ਵਿਆਹੀਆਂ ਕੁੜੀਆਂ ਦੀਆਂ ਵੋਟਾਂ ਜਾਂਚੀਆਂ
ਪਿੰਡ ਜੱਲੋਵਾਲ ਕਲੋਨੀ ਵਿਖੇ ਬੀਐੱਲਓ ਨੇ ਵਿਆਹੀਆਂ ਲੜਕੀਆਂ ਦੀਆਂ ਵੋਟਾਂ ਦਾ ਕੀਤਾ ਨਰੀਖਣ
Publish Date: Fri, 03 Apr 2026 09:49 PM (IST)
Updated Date: Fri, 03 Apr 2026 09:52 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਦੇਸ਼ ਭਰ ’ਚ 2003 ਤੋਂ ਬਾਅਦ ਵਿਆਹੀਆਂ ਔਰਤਾਂ ਦੀਆਂ ਵੋਟਾਂ ਦੀ ਤਸਦੀਕ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਲੜੀ ਤਹਿਤ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਪਿੰਡ ਜੱਲੋਵਾਲ ਕਲੋਨੀ ’ਚ ਬੀਐੱਲਓ ਸੁਮਨ ਬਾਲਾ ਵੱਲੋਂ ਘਰ-ਘਰ ਜਾ ਕੇ 2003 ਤੋਂ ਬਾਅਦ ਵਿਆਹੀਆਂ ਔਰਤਾਂ ਦੀਆਂ ਵੋਟਾਂ ਦੀ ਜਾਂਚ ਕੀਤੀ ਗਈ। ਔਰਤਾਂ ਦੇ ਪੇਕੇ ਪਰਿਵਾਰਾਂ ਤੋਂ ਵੋਟਰ ਲਿਸਟ ’ਚ ਦਰਜ ਸੀਰੀਅਲ ਨੰਬਰ ਮੰਗਵਾ ਕੇ ਰਿਕਾਰਡ ਨਾਲ ਮਿਲਾਇਆ ਗਿਆ ਤਾਂ ਜੋ ਡਬਲ ਵੋਟਿੰਗ ਦੀ ਸੰਭਾਵਨਾ ਨੂੰ ਖਤਮ ਕੀਤਾ ਜਾ ਸਕੇ। ਇਸ ਮੁਹਿੰਮ ਦੌਰਾਨ ਬੀਐੱਲਓ ਸੁਮਨ ਬਾਲਾ ਦੀ ਮਦਦ ਸਮਾਜ ਸੇਵੀ ਬਲਵੰਤ ਕਾਹਲੋਂ ਵੱਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਪ੍ਰਕਿਰਿਆ 3 ਅਪ੍ਰੈਲ 2026 ਤੱਕ ਸੀ, ਜਿਸਨੂੰ ਸਰਕਾਰ ਵੱਲੋਂ ਵਧਾ ਕੇ 10 ਅਪ੍ਰੈਲ 2026 ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਵਿਆਹੀਆਂ ਔਰਤਾਂ ਆਪਣਾ ਲੋੜੀਂਦਾ ਡਾਟਾ ਸਮੇਂ ਸਿਰ ਪੇਕੇ ਪਿੰਡ ਤੋਂ ਮੰਗਵਾ ਕੇ ਜਮ੍ਹਾਂ ਕਰਵਾਉਣ, ਨਹੀਂ ਤਾਂ ਉਨ੍ਹਾਂ ਦੀ ਵੋਟ ਕੱਟੀ ਜਾ ਸਕਦੀ ਹੈ। ਬਲਵੰਤ ਕਾਹਲੋਂ ਨੇ ਕਿਹਾ ਕਿ ਡਬਲ ਵੋਟਾਂ ਕਾਰਨ ਵੋਟਿੰਗ ਫੀਸਦੀ ’ਤੇ ਅਸਰ ਪੈਂਦਾ ਹੈ। ਇਸ ਮੁਹਿੰਮ ਨਾਲ ਨਾ ਸਿਰਫ਼ ਵੋਟਾਂ ਦੀ ਦਰੁਸਤੀ ਹੋਵੇਗੀ, ਸਗੋਂ ਫਰਜ਼ੀ ਵੋਟਾਂ ’ਚ ਵੀ ਕਮੀ ਆਵੇਗੀ।